ਰਾਜਪੁਰਾ (ਰਾਘਵ) : ਜ਼ਿਲ੍ਹਾ ਪਟਿਆਲਾ ਦੇ ਸਬ-ਡਵੀਜ਼ਨ ਰਾਜਪੁਰਾ ’ਚ ਅਮਰੀਕਾ ਭੇਜਣ ਵਾਲੇ ਆਈਲੈਟਸ ਅਤੇ ਇਮੀਗ੍ਰੇਸ਼ਨ ਸੈਂਟਰਾਂ ’ਤੇ ਥਾਣਾ ਸਿਟੀ ਦੇ ਐੱਸ. ਐੱਚ. ਓ. ਇੰਸਪੈਕਟਰ ਬਲਵਿੰਦਰ ਸਿੰਘ ਦੀ ਅਗਵਾਈ ਹੇਠ ਪੁਲਸ ਟੀਮ ਨੇ ਅਚਾਨਕ ਵੱਡੀ ਕਾਰਵਾਈ ਕੀਤੀ ਅਤੇ ਭਾਰੀ ਗਿਣਤੀ ਵਿਚ ਪਾਸਪੋਰਟ ਅਤੇ ਫਾਈਲਾਂ ਨੂੰ ਆਪਣੇ ਕਬਜ਼ੇ ’ਚ ਲੈ ਲਿਆ। ਥਾਣਾ ਸਿਟੀ ਐੱਸ. ਐੱਚ. ਓ. ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਸੀਨੀਅਰ ਅਫਸਰਾਂ ਦੀਆਂ ਹਦਾਇਤਾਂ ਅਨੁਸਾਰ ਸ਼ਹਿਰ ’ਚ ਮੌਜੂਦ ਆਈਲੈਟਸ ਅਤੇ ਇਮੀਗ੍ਰੇਸ਼ਨ ਸੈਂਟਰਾਂ ਉੱਪਰ ਜਾਂਚ ਕੀਤੀ ਗਈ ਹੈ ਅਤੇ ਇਨ੍ਹਾਂ ਦਫਤਰਾਂ ’ਚੋਂ ਲਗਭਗ 60 ਦੇ ਕਰੀਬ ਪਾਸਪੋਰਟ ਕਬਜ਼ੇ ਵਿਚ ਲਏ ਗਏ ਹਨ ਅਤੇ ਬਾਕੀ ਕੁਝ ਫਾਈਲਾਂ ਅਤੇ ਡਾਇਰੀਆਂ ਵੀ ਜਾਂਚ ਲਈ ਕਬਜ਼ੇ ਵਿਚ ਲਈਆਂ ਗਈਆਂ ਹਨ।
ਉਨ੍ਹਾਂ ਕਿਹਾ ਕਿ ਅਸੀਂ ਡੂੰਘਾਈ ਨਾਲ ਇਨ੍ਹਾਂ ਦੀ ਜਾਂਚ ਕਰਾਂਗੇ ਅਤੇ ਇਥੇ ਮੌਜੂਦ ਪਾਸਪੋਰਟ ਦੇ ਮਾਲਕਾਂ ਦੇ ਨਾਲ ਸੰਪਰਕ ਕਰਕੇ ਉਨ੍ਹਾਂ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ ਕਿ ਉਨ੍ਹਾਂ ਨੇ ਇਹ ਪਾਸਪੋਰਟ ਇਨ੍ਹਾਂ ਸੈਂਟਰਾਂ ’ਚ ਕਿਉਂ ਜਮ੍ਹਾ ਕਰਵਾਏ ਹਨ। ਜੇਕਰ ਕੋਈ ਇਨ੍ਹਾਂ ’ਚੋਂ ਗੈਰ ਕਾਨੂੰਨੀ ਪਾਇਆ ਗਿਆ ਤਾਂ ਉਨ੍ਹਾਂ ਉੱਪਰ ਕਾਰਵਾਈ ਕੀਤੀ ਜਾਵੇਗੀ।



