
ਚੰਡੀਗੜ੍ਹ (ਰਾਘਵ): ਪੰਜਾਬ 'ਚ ਅੱਗ ਵਰ੍ਹਾਊ ਗਰਮੀ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਅੱਜ ਸਵੇਰੇ ਉਸ ਵੇਲੇ ਰਾਹਤ ਮਿਲੀ, ਜਦੋਂ ਪੂਰਾ ਆਸਮਾਨ ਬੱਦਲਾਂ 'ਚ ਘਿਰ ਗਿਆ ਅਤੇ ਕਈ ਜ਼ਿਲ੍ਹਿਆਂ 'ਚ ਭਾਰੀ ਮੀਂਹ ਪਿਆ, ਜਿਸ ਕਾਰਨ ਮੌਸਮ ਸੁਹਾਵਣਾ ਹੋ ਗਿਆ। ਮੌਸਮ ਵਿਭਾਗ ਵਲੋਂ ਵੀ ਆਉਣ ਵਾਲੀ 4 ਜੂਨ ਤੱਕ ਬਿਜਲੀ ਗਰਜਣ, ਤੇਜ਼ ਹਨ੍ਹੇਰੀ ਦੇ ਨਾਲ-ਨਾਲ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ। ਜੇਕਰ ਮਾਨਸੂਨ ਦੀ ਗੱਲ ਕਰੀਏ ਤਾਂ ਪੰਜਾਬ 'ਚ ਛੇਤੀ ਹੀ ਮਾਨਸੂਨ ਦੀ ਐਂਟਰੀ ਹੋ ਸਕਦੀ ਹੈ।
ਮੌਸਮ ਮਾਹਿਰਾਂ ਦੇ ਮੁਤਾਬਕ 25 ਜੂਨ ਤੋਂ ਪਹਿਲਾਂ ਮਾਨਸੂਨ ਪੰਜਾਬ 'ਚ ਆ ਸਕਦਾ ਹੈ। ਮੌਸਮ ਵਿਭਾਗ ਨੇ ਦੱਸਿਆ ਕਿ ਇਸ ਵਾਰ ਸੂਬੇ ਦੇ ਕਈ ਜ਼ਿਲ੍ਹਿਆਂ 'ਚ ਆਮ ਨਾਲੋਂ ਵੱਧ ਮੀਂਹ ਪਵੇਗਾ ਅਤੇ ਮਾਨਸੂਨ ਦੀ ਰਫ਼ਤਾਰ ਵੀ ਸਮੇਂ ਨਾਲੋਂ ਪਹਿਲਾਂ ਚੱਲ ਰਹੀ ਹੈ। ਇਸ ਵਾਰ ਕਈ ਸੂਬਿਆਂ 'ਚ ਮਾਨਸੂਨ ਤੈਅ ਸਮੇਂ ਤੋਂ ਇਕ ਹਫ਼ਤਾ ਪਹਿਲਾਂ ਚੱਲ ਰਿਹਾ ਹੈ। ਹੁਣ ਜੇਕਰ 25 ਜੂਨ ਤੱਕ ਮਾਨਸੂਨ ਪੰਜਾਬ 'ਚ ਆਉਂਦਾ ਹੈ ਤਾਂ ਕਿਸਾਨਾਂ ਲਈ ਇਹ ਚੰਗੀ ਖ਼ਬਰ ਹੈ ਕਿਉਂਕਿ ਇਸ ਨਾਲ ਝੋਨੇ ਦੀ ਫ਼ਸਲ ਨੂੰ ਕਾਫੀ ਫ਼ਾਇਦਾ ਹੋਵੇਗਾ। ਦੂਜੇ ਪਾਸੇ ਨਵੇਂ ਐਕਟਿਵ ਹੋਏ ਵੈਸਟਰਨ ਡਿਸਟਰਬੈਂਸ ਦਾ ਪ੍ਰਭਾਵ ਵੀ ਪੰਜਾਬ 'ਚ ਦੇਖਣ ਨੂੰ ਮਿਲੇਗਾ। ਮੌਸਮ ਵਿਭਾਗ ਵਲੋਂ 4 ਜੂਨ ਤੱਕ ਸੂਬੇ 'ਚ ਮੀਂਹ ਅਤੇ ਹਨ੍ਹੇਰੀ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਅੱਜ ਪੰਜਾਬ ਦੇ 20 ਜ਼ਿਲ੍ਹਿਆਂ 'ਚ ਤੂਫ਼ਾਨ ਅਤੇ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ।