
ਮਧੇਪੁਰਾ (ਰਾਘਵ) : ਬਿਹਾਰ 'ਚ ਮਧੇਪੁਰਾ ਜ਼ਿਲੇ ਦੇ ਉਦਾਕਿਸ਼ੂਗੰਜ ਥਾਣਾ ਖੇਤਰ 'ਚ ਸ਼ਨੀਵਾਰ ਨੂੰ ਇਕ ਟਰੈਕਟਰ ਪਲਟਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ। ਪੁਲਸ ਸੂਤਰਾਂ ਨੇ ਦੱਸਿਆ ਕਿ ਜ਼ਿਲੇ ਦੇ ਬਿਹਾਰੀਗੰਜ ਥਾਣਾ ਖੇਤਰ ਦੇ ਰਹਿਤਾ ਪਿੰਡ ਨਿਵਾਸੀ ਰਵਿੰਦਰ ਕੁਮਾਰ, ਇਸੇ ਪਿੰਡ ਦੇ ਮਨੀਸ਼ ਕੁਮਾਰ ਅਤੇ ਆਲਮਨਗਰ ਥਾਣਾ ਖੇਤਰ ਦੇ ਜਗਦੀਸ਼ਪੁਰ ਲੋਕਨਾਥਪੁਰ ਪਿੰਡ ਨਿਵਾਸੀ ਅਰੁਣ ਸਿੰਘ ਇਕ ਟਰੈਕਟਰ 'ਤੇ ਬਾਂਸ ਲੈ ਕੇ ਜਾ ਰਹੇ ਸਨ। ਇਸੇ ਦੌਰਾਨ ਉਦਾਕੀਸ਼ੁਨਗੰਜ ਥਾਣਾ ਖੇਤਰ ਦੇ ਅਧੀਨ ਨੈਸ਼ਨਲ ਹਾਈਵੇ ਨੰਬਰ 106 'ਤੇ ਪਿੰਡ ਬਾਰਾਤੇਨੀ ਨੇੜੇ ਟਰੈਕਟਰ ਸੜਕ ਤੋਂ ਲਾਂਭੇ ਹੋ ਕੇ ਟੋਏ 'ਚ ਡਿੱਗ ਗਿਆ।
ਸੂਤਰਾਂ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ 'ਤੇ ਡਾਇਲ 112 ਦੀ ਪੁਲਸ ਨੇ ਤਿੰਨਾਂ ਜ਼ਖਮੀਆਂ ਨੂੰ ਉਦਾਕੀਸ਼ੁਨਗੰਜ ਦੇ ਸਬ-ਡਿਵੀਜ਼ਨਲ ਹਸਪਤਾਲ ਪਹੁੰਚਾਇਆ, ਜਿੱਥੇ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰ ਨੇ ਉਨ੍ਹਾਂ ਨੂੰ ਮਧੇਪੁਰਾ ਮੈਡੀਕਲ ਕਾਲਜ ਹਸਪਤਾਲ ਲਈ ਰੈਫਰ ਕਰ ਦਿੱਤਾ। ਅਰੁਣ ਸਿੰਘ ਦੀ ਮਧੇਪੁਰਾ ਜਾਂਦੇ ਸਮੇਂ ਮੌਤ ਹੋ ਗਈ। ਲਾਸ਼ ਨੂੰ ਪੋਸਟਮਾਰਟਮ ਲਈ ਸਦਰ ਹਸਪਤਾਲ ਮਧੇਪੁਰਾ ਭੇਜ ਦਿੱਤਾ ਗਿਆ ਹੈ।