ਕਲਬੁਰਗੀ (ਪਾਇਲ): ਕਰਨਾਟਕ ਦੇ ਕਲਬੁਰਗੀ ਜ਼ਿਲ੍ਹੇ 'ਚ ਵਾਪਰੀ ਇਕ ਦਰਦਨਾਕ ਘਟਨਾ ਨੇ ਸਥਾਨਕ ਰਾਜਨੀਤੀ ਅਤੇ ਪ੍ਰਸ਼ਾਸਨ ਦੋਵਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਭਾਜਪਾ ਨਾਲ ਜੁੜੀ ਇਕ ਮਹਿਲਾ ਵਰਕਰ ਨੇ ਖੁਦ 'ਤੇ ਪੈਟਰੋਲ ਪਾ ਕੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕ ਦੀ ਪਛਾਣ 35 ਸਾਲਾ ਜੋਤੀ ਪਾਟਿਲ ਵਜੋਂ ਹੋਈ ਹੈ, ਜੋ ਕਲਬੁਰਗੀ ਦੇ ਬ੍ਰਹਮਪੁਰ ਬਲਾਕ ਦੀ ਰਹਿਣ ਵਾਲੀ ਦੱਸੀ ਜਾਂਦੀ ਹੈ।
ਜਾਣਕਾਰੀ ਮੁਤਾਬਕ ਘਟਨਾ ਨੰਦੀਕੁਰਾ ਪਿੰਡ ਦੀ ਹੈ, ਜਿੱਥੇ ਜੋਤੀ ਇਕ ਹੋਰ ਭਾਜਪਾ ਵਰਕਰ ਮੱਲੀਨਾਥ ਬਿਰਾਦਰ ਦੇ ਘਰ ਪਹੁੰਚੀ। ਕਿਹਾ ਜਾਂਦਾ ਹੈ ਕਿ ਮੱਲੀਨਾਥ ਬਿਰਾਦਰ ਉਸ ਸਮੇਂ ਘਰ ਵਿਚ ਮੌਜੂਦ ਨਹੀਂ ਸੀ, ਘਰ ਵਿਚ ਉਸ ਦੀ ਪਤਨੀ ਅਤੇ ਤਿੰਨ ਬੱਚੇ ਸਨ।
ਘਟਨਾ ਤੋਂ ਬਾਅਦ ਫਰਤਾਬਾਦ ਥਾਣੇ 'ਚ ਮਾਮਲਾ ਦਰਜ ਕਰ ਲਿਆ ਗਿਆ ਹੈ। ਸ਼ੁਰੂਆਤੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਜੋਤੀ ਪਾਟਿਲ ਲੰਬੇ ਸਮੇਂ ਤੋਂ ਵਿੱਤੀ ਦਬਾਅ ਨਾਲ ਜੂਝ ਰਹੀ ਸੀ, ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਕਿਸੇ ਵੀ ਸਿੱਟੇ 'ਤੇ ਪਹੁੰਚਣ ਤੋਂ ਪਹਿਲਾਂ ਸਾਰੇ ਪਹਿਲੂਆਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇਗੀ।
ਜਾਂਚ ਏਜੰਸੀਆਂ ਇਹ ਵੀ ਸਮਝਣ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿ ਜੋਤੀ ਨੇ ਉਹੀ ਘਰ ਕਿਉਂ ਚੁਣਿਆ ਅਤੇ ਕੀ ਇਸ ਪੂਰੀ ਘਟਨਾ ਪਿੱਛੇ ਕੋਈ ਹੋਰ ਕਾਰਨ ਜਾਂ ਪਿਛੋਕੜ ਸੀ। ਪੁਲਿਸ ਵੱਲੋਂ ਪਰਿਵਾਰਕ ਮੈਂਬਰਾਂ, ਜਾਣਕਾਰਾਂ ਅਤੇ ਪਾਰਟੀ ਨਾਲ ਜੁੜੇ ਲੋਕਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ।
ਇਸ ਘਟਨਾ ਤੋਂ ਬਾਅਦ ਇਲਾਕੇ 'ਚ ਸੋਗ ਦਾ ਮਾਹੌਲ ਹੈ। ਪਾਰਟੀ ਆਗੂਆਂ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ, ਤਾਂ ਜੋ ਸੱਚਾਈ ਸਾਹਮਣੇ ਆ ਸਕੇ ਅਤੇ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਮੁੜ ਵਾਪਰਨ ਤੋਂ ਰੋਕਿਆ ਜਾ ਸਕੇ।


