ਮੈਲਬਰਨ ’ਚ ਭਾਜਪਾ ਸਮਰਥਕ ਤਿਰੰਗਾ ਮਾਰਚ ਦਾ ਪ੍ਰੋਗਰਾਮ ਸਮੇਟ ਖਿਸਕੇ

by vikramsehajpal

ਮੈਲਬਰਨ (ਦੇਵ ਇੰਦਰਜੀਤ)- ਭਾਜਪਾ ਸਮਰਥਕਾਂ ਨੂੰ ਇੱਥੇ ਵਿਕਟੋਰੀਅਨ ਸੰਸਦ ਸਾਹਮਣੇ ਉਸ ਸਮੇਂ ਆਪਣਾ ਤਿਰੰਗਾ ਮਾਰਚ ਦਾ ਪ੍ਰੋਗਰਾਮ ਸਮੇਟਣਾ ਪੈ ਗਿਆ, ਜਦੋਂ ਵੱਡੀ ਗਿਣਤੀ ਕਿਸਾਨ ਸਮਰਥਕਾਂ ਨੇ ਉਨ੍ਹਾਂ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।

ਪਿਛਲੇ ਕਈ ਦਿਨਾਂ ਤੋਂ ਕਿਸਾਨੀ ਸੰਘਰਸ਼ ਖ਼ਿਲਾਫ਼ ਇਕੱਠੇ ਹੋਣ ਦਾ ਹੋਕਾ ਦੇਣ ਦੇ ਬਾਵਜੂਦ ਭਾਜਪਾ ਸਮਰਥਕਾਂ ਦੀ ਗਿਣਤੀ ਕਾਫ਼ੀ ਘੱਟ ਸੀ। ਕਿਸਾਨ ਸਮਰਥਕਾਂ ਦੀ ਗਿਣਤੀ ਵੱਧ ਸੀ, ਜਿਸ ਵਿੱਚ ਵੱਡੀ ਗਿਣਤੀ ਸਿੱਖ ਭਾਈਚਾਰੇ ਦੀ ਸੀ। ਉਹ ਬਿਨਾਂ ਕਿਸੇ ਮਿੱਥੇ ਪ੍ਰੋਗਰਾਮ ਦੇ ਇੱਥੇ ਪਹੁੰਚੇ ਸਨ। ਭਾਜਪਾ ਸਮਰਥਕ ਜਦੋਂ 11.30 ਵਜੇ ਦੇ ਲਗਪਗ ਇੱਥੇ ਸੰਸਦ ਸਾਹਮਣੇ ਇਕੱਠੇ ਹੋਣੇ ਸ਼ੁਰੂ ਹੋਏ ਤਾਂ ਕਿਸਾਨ ਸੰਘਰਸ਼ ਹਮਾਇਤੀ ਨੌਜਵਾਨਾਂ ਨੇ ਆਪਣੀਆਂ ਤਕਰੀਰਾਂ ਸ਼ੁਰੂ ਕਰ ਦਿੱਤੀਆਂ। ਬਿਨਾਂ ਸੂਚਨਾ ਦਿੱਤਿਆਂ ਇਕੱਠ ਹੁੰਦਾ ਵੇਖ ਅਣਸੁਖਾਵੀ ਘਟਨਾ ਰੋਕਣ ਲਈ ਪ੍ਰਸ਼ਾਸਨ ਨੂੰ ਹੋਰ ਪੁਲੀਸ ਫੋਰਸ ਬੁਲਾਉਣੀ ਪਈ।

ਸੰਘਰਸ਼ ਦੌਰਾਨ ਆਪਣੀਆਂ ਜਾਨਾਂ ਵਾਰ ਗਏ ਮ੍ਰਿਤਕਾਂ ਅਤੇ ਪੁਲੀਸ ਤਸ਼ੱਦਦ ਦੀਆਂ ਤਸਵੀਰਾਂ ਸਮੇਤ ਬੈਨਰ ਚੁੱਕੀ ਪੰਜਾਬੀ ਭਾਈਚਾਰੇ ਨੇ ਦੂਜੀ ਧਿਰ ਦਾ ਸ਼ਬਦੀ ਜੰਗ ਰਾਹੀਂ ਮੋੜਵਾਂ ਜਵਾਬ ਦਿੱਤਾ। ਕੋਈ ਪੇਸ਼ ਨਾ ਚਲਦੀ ਵੇਖ ਭਾਜਪਾਈ ਸਮਰਥਕਾਂ ਨੂੰ ਆਪਣੇ ਝੰਡੇ ਸਮੇਟ ਕੇ ਖਿਸਕਣਾ ਪਿਆ। ਇਸ ਮੌਕੇ ਲੋਕਾਂ ਨੇ ‘ਕਿਸਾਨ ਏਕਤਾ ਜ਼ਿੰਦਾਬਾਦ’ ਦੇ ਨਾਅਰੇ ਲਗਾਏ। ਵੱਖ-ਵੱਖ ਬੁਲਾਰਿਆਂ ਨੇ ਕਿਸਾਨੀ ਸੰਘਰਸ਼ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ।