ਸ਼ਿਵਪੁਰੀ (ਪਾਇਲ): ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਜ਼ਿਲ੍ਹੇ 'ਚ ਬਲਾਤਕਾਰ ਪੀੜਤਾ ਵਲੋਂ ਇਨਸਾਫ ਦੀ ਗੁਹਾਰ ਲਗਾ ਕੇ ਸ਼ੱਕੀ ਹਾਲਾਤਾਂ 'ਚ ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤਾ ਨੇ ਖੁਦਕੁਸ਼ੀ ਕਰਨ ਲਈ ਨੀਂਦ ਦੀਆਂ ਗੋਲੀਆਂ ਅਤੇ ਜ਼ਹਿਰ ਖਾ ਲਿਆ, ਜਿਸ ਤੋਂ ਬਾਅਦ ਉਸ ਨੂੰ ਗੰਭੀਰ ਹਾਲਤ 'ਚ ਮੈਡੀਕਲ ਕਾਲਜ ਹਸਪਤਾਲ 'ਚ ਦਾਖਲ ਕਰਵਾਇਆ ਗਿਆ।
ਜਿਸ ਦੌਰਾਨ ਪੁਲਿਸ ਨੂੰ ਘਟਨਾ ਵਾਲੀ ਥਾਂ ਤੋਂ ਇੱਕ ਵਿਸਥਾਰਤ ਸੁਸਾਈਡ ਨੋਟ ਮਿਲਿਆ ਹੈ। ਇਸ ਸਬੰਧੀ ਪੀੜਤਾ ਨੇ ਸਥਾਨਕ ਭਾਜਪਾ ਆਗੂ ਤੇ ਸ਼ਿਵਪੁਰੀ ਨਗਰ ਕੌਂਸਲ ਦੀ ਪ੍ਰਧਾਨ ਗਾਇਤਰੀ ਸ਼ਰਮਾ, ਉਸ ਦੇ ਪਤੀ ਸੰਜੇ ਦੂਬੇ ਅਤੇ ਪੁੱਤਰ ਰਜਤ ਸ਼ਰਮਾ ’ਤੇ ਮਾਨਸਿਕ ਪ੍ਰੇਸ਼ਾਨੀ ਅਤੇ ਧਮਕੀਆਂ ਦੇਣ ਦੇ ਗੰਭੀਰ ਦੋਸ਼ ਲਾਏ ਹਨ।
ਪੀੜਤਾ ਅਨੁਸਾਰ ਮੁਲਜ਼ਮ ਰਜਤ ਸ਼ਰਮਾ ਨੇ ਉਸ ਨਾਲ ਵਿਆਹ ਦੇ ਬਹਾਨੇ ਸਬੰਧ ਬਣਾਏ ਸਨ। ਔਰਤ ਨੂੰ ਜਦੋਂ ਪਤਾ ਲੱਗਾ ਕਿ ਰਜਤ ਦੀ ਮੰਗਣੀ ਕਿਤੇ ਹੋਰ ਤੈਅ ਹੈ ਤਾਂ ਉਸ ਨੇ ਪਰਿਵਾਰ ਨਾਲ ਸੰਪਰਕ ਕੀਤਾ। ਸੁਸਾਈਡ ਨੋਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਨਗਰ ਕੌਂਸਲ ਦੇ ਚੇਅਰਮੈਨ ਨੇ ਪਹਿਲਾਂ ਤਾਂ ਭਰੋਸਾ ਦਿੱਤਾ ਪਰ ਬਾਅਦ ਵਿੱਚ ਉਸ ਨੂੰ ਜ਼ਲੀਲ ਕਰਕੇ ਘਰੋਂ ਬਾਹਰ ਕੱਢ ਦਿੱਤਾ। ਪੀੜਤਾ ਨੇ ਦੋਸ਼ ਲਾਇਆ ਕਿ ਪੁਲੀਸ ਨੇ 14 ਅਪ੍ਰੈਲ ਨੂੰ ਉਸ ਦੀ ਸ਼ਿਕਾਇਤ ਦਰਜ ਕਰਨ ਵਿੱਚ ਦੇਰੀ ਕੀਤੀ, ਜਿਸ ਦਾ ਫਾਇਦਾ ਉਠਾਉਂਦੇ ਹੋਏ ਮੁਲਜ਼ਮ ਦੀ ਮੰਗਣੀ ਉਸੇ ਦਿਨ ਹੀ ਹੋ ਗਈ।
ਹਸਪਤਾਲ 'ਚ ਆਪਣੀ ਜ਼ਿੰਦਗੀ ਦੀ ਲੜਾਈ ਲੜ ਰਹੀ ਪੀੜਤਾ ਨੇ ਆਪਣੇ ਨੋਟ 'ਚ ਲਿਖਿਆ ਹੈ ਕਿ ਪਿਛਲੇ 7 ਮਹੀਨਿਆਂ ਤੋਂ ਉਸ ਨੂੰ ਸਿਆਸਤਦਾਨਾਂ, ਸੇਵਾਮੁਕਤ ਅਧਿਕਾਰੀਆਂ ਅਤੇ ਪੁਲਿਸ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ। ਉਸ 'ਤੇ 50 ਲੱਖ ਰੁਪਏ ਲੈ ਕੇ ਕੇਸ ਵਾਪਸ ਲੈਣ ਲਈ ਦਬਾਅ ਪਾਇਆ ਗਿਆ। ਆਪਣੇ ਨੋਟ ਵਿੱਚ ਪੀੜਤਾ ਨੇ PM ਮੋਦੀ, ਮੁੱਖ ਮੰਤਰੀ ਮੋਹਨ ਯਾਦਵ ਅਤੇ ਕੇਂਦਰੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਨੂੰ ਇਨਸਾਫ਼ ਦੀ ਅੰਤਿਮ ਅਪੀਲ ਕੀਤੀ ਹੈ।
ਸ਼ਿਵਪੁਰੀ ਦੇ ਐਸਪੀ ਅਮਨ ਸਿੰਘ ਰਾਠੌਰ ਦੇ ਅਨੁਸਾਰ, ਬੀਐਨਐਸ ਦੀ ਧਾਰਾ 69 ਦੇ ਤਹਿਤ ਅਪ੍ਰੈਲ ਵਿੱਚ ਕੇਸ ਦਰਜ ਕੀਤਾ ਗਿਆ ਸੀ ਅਤੇ ਚਾਰਜਸ਼ੀਟ ਦਾਇਰ ਕੀਤੀ ਗਈ ਸੀ। ਫਿਲਹਾਲ ਦੋਸ਼ੀ ਜ਼ਮਾਨਤ 'ਤੇ ਬਾਹਰ ਹੈ। ਪੁਲਿਸ ਨੇ ਸੁਸਾਈਡ ਨੋਟ ਨੂੰ ਕਬਜ਼ੇ 'ਚ ਲੈ ਲਿਆ ਹੈ ਅਤੇ ਪੀੜਤਾ ਦੇ ਬਿਆਨ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ।



