ਵਖੋ-ਵੱਖ ਹੋਏ ਦਿੱਲੀ ਵਿੱਚ ਅਕਾਲੀ-ਭਾਜਪਾ ਦੇ ਰਾਹ

by mediateam

ਨਵੀਂ ਦਿੱਲੀ (Nri Media) : ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸਤ ਕਾਫ਼ੀ ਗਰਮਾ ਗਈ ਹੈ। ਉੱਥੇ ਹੀ ਦਿੱਲੀ ਵਿੱਚ ਭਾਜਪਾ ਨੇ ਅਕਾਲੀ ਦਲ ਨਾਲ ਗਠਜੋੜ ਤੋੜ ਦਿੱਤਾ ਹੈ। ਗਠਜੋੜ ਟੁੱਟਣ ਦੀ ਅਧਿਕਾਰਕ ਤੌਰ 'ਤੇ ਪੁਸ਼ਟੀ ਦਿੱਲੀ ਤੋਂ ਅਕਾਲੀ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਪ੍ਰੈਸ ਕਾਨਫ਼ਰੰਸ ਕਰਦੇ ਹੋਈ ਦਿੱਤੀ। ਗਠਜੋੜ ਟੁੱਟਣ ਤੋਂ ਬਾਅਦ ਅਕਾਲੀ ਦਲ ਨੇ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਕਿਨਾਰਾ ਕਰ ਲਿਆ ਹੈ। ਸਿਰਸਾ ਨੇ ਸਪਸ਼ਟ ਕੀਤਾ ਹੈ ਕਿ ਅਕਾਲੀ ਦਲ ਦਿੱਲੀ ਵਿੱਚ ਚੋਣ ਨਹੀਂ ਲੜੇਗੀ। 

ਹਾਲਾਕਿ ਸਿਰਸਾ ਨੇ ਚੋਣਾਂ ਨਾ ਲੜਨ ਦਾ ਕਾਰਨ ਨਾਗਰਿਕਤਾ ਸੋਧ ਕਾਨੂੰਨ ਨੂੰ ਦੱਸਿਆ ਹੈ। ਸਿਰਸਾ ਨੇ ਕਿਹਾ ਕਿ ਭਾਜਪਾ ਸੀਏਏ ਬਾਰੇ ਆਪਣਾ ਪੱਖ ਬਦਲਣ ਦੀ ਮੰਗ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਕਰ ਰਹੀ ਹੈ। ਇਸ ਤੋਂ ਇਨਕਾਰ ਕਰਦਿਆਂ, ਅਕਾਲੀ ਦਲ ਨੇ ਦਿੱਲੀ ਵਿੱਚ ਚੋਣ ਨਾ ਲੜਨ ਦਾ ਫ਼ੈਸਲਾ ਕੀਤਾ ਹੈ। ਸਿਰਸਾ ਨੇ ਕਿਹਾ ਕਿ ਬੀਜੇਪੀ ਵੱਲੋਂ ਨਾਗਰਿਕਤਾ ਸੋਧ ਕਾਨੂੰਨ ਵਿੱਚ ਮੁਸਲਮਾਨਾਂ ਨੂੰ ਸ਼ਾਮਲ ਨਾ ਕਰਨ ਕਰਕੇ ਗੱਠਜੋੜ ਤੋੜਿਆ ਹੈ।

ਪੰਜਾਬ ਵਿੱਚ ਅਕਾਲੀ-ਭਾਜਪਾ ਗੱਠਜੋੜ

ਮਨਜਿੰਦਰ ਸਿੰਘ ਸਿਰਸਾ ਨੂੰ ਜਦੋਂ ਮੀਡੀਆ ਨੇ ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਬਾਰੇ ਪੁੱਛਿਆ ਤਾਂ ਉਹ ਇਹ ਕਹਿ ਕੇ ਟਾਲ ਗਏ ਕਿ ਉਹ ਦਿੱਲੀ ਦਾ ਜਵਾਬ ਦੇ ਸਕਦੇ ਹਨ, ਪੰਜਾਬ ਬਾਰੇ ਕੁਝ ਨਹੀਂ ਬੋਲ ਸਕਦੇ। ਸਿਰਸਾ ਨੇ ਕਿਹਾ ਕਿ ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਹਿੰਦੂ ਸਿੱਖ ਏਕਤਾ ਦਾ ਪ੍ਰਤੀਕ ਹੈ, ਇਹ ਗਠਜੋੜ ਨੇ ਪੰਜਾਬ ਵਿਚ ਅਮਨ ਸ਼ਾਂਤੀ ਦੀ ਸਥਾਈ ਬਹਾਲੀ ਕੀਤੀ ਹੈ। 

ਇਹ ਪੰਜਾਬ ਦੀ ਅਮਨ -ਸ਼ਾਂਤੀ ਦਾ ਪ੍ਰਤੀਕ ਹੈ। ਅਸੀਂ ਸੀਏਏ ਅਤੇ ਐਨਆਰਸੀ ਉੱਤੇ ਸਟੈਂਡ ਨਹੀਂ ਬਦਲ ਸਕਦੇ ਇਹ ਹੁਣ ਭਾਜਪਾ ਨੇ ਦੇਖਣਾ ਹੈ ਕਿ ਉਹ ਕੀ ਸਟੈਂਡ ਲੈਂਦੀ ਹੈ।ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਭਾਜਪਾ ਨੇ ਅਕਾਲੀਆਂ ਤੋਂ ਕਿਨਾਰਾ ਕੀਤਾ ਹੋਵੇ। ਇਸ ਤੋਂ ਪਹਿਲਾਂ ਪਿਛਲੇ ਸਾਲ ਹਰਿਆਣਾ ਵਿੱਚ ਹੋਏ ਵਿਧਾਨ ਸਭਾ ਚੋਣਾਂ ਦੌਰਾਨ ਵੀ ਭਾਜਪਾ ਨੇ ਅਕਾਲੀਆਂ ਤੋਂ ਮੁੰਹ ਮੋੜ ਲਿਆ ਸੀ। ਦਰਅਸਲ ਹਰਿਆਣਾ ਵਿੱਚ ਬੀਜੇਪੀ ਵੱਲੋਂ ਗੱਠਜੋੜ ਤੋਂ ਇਨਕਾਰ ਕਰ ਦਿੱਤਾ ਗਿਆ ਸੀ।