ਘਰ ‘ਚ ਇਕ ਪਰਿਵਾਰ ਦੇ 9 ਲੋਕਾਂ ਦੀਆਂ ਲਾਸ਼ਾਂ ਬਰਾਮਦ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮਹਾਰਾਸ਼ਟਰ ਦੇ ਸਾਂਗਲੀ ਜ਼ਿਲ੍ਹੇ ਦੇ ਮਹਿਸਾਲ ਤੋਂ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਹੀ ਪਰਿਵਾਰ ਦੇ 9 ਲੋਕਾਂ ਦੀਆਂ ਲਾਸ਼ਾਂ ਘਰ 'ਚੋਂ ਬਰਾਮਦ ਹੋਈਆਂ ਹਨ। ਘਰ 'ਚੋਂ ਲਾਸ਼ ਮਿਲਣ ਤੋਂ ਬਾਅਦ ਪੂਰੇ ਪਿੰਡ 'ਚ ਸੋਗ ਦੀ ਲਹਿਰ ਦੌੜ ਗਈ। ਸ਼ੁਰੂਆਤੀ ਜਾਂਚ 'ਚ ਪੁਲਿਸ ਇਸ ਨੂੰ ਸਮੂਹਿਕ ਖੁਦਕੁਸ਼ੀ ਦੱਸ ਰਹੀ ਹੈ।

ਪੁਲਿਸ ਨੂੰ ਸ਼ੱਕ ਹੈ ਕਿ ਪਰਿਵਾਰ ਸਿਰ ਬਹੁਤ ਵੱਡਾ ਕਰਜ਼ਾ ਸੀ। ਕਰਜ਼ਾ ਨਾ ਮੋੜ ਸਕਣ ਕਾਰਨ ਪਰਿਵਾਰ ਨੇ ਖੁਦਕੁਸ਼ੀ ਕਰ ਲਈ। ਸਾਰੇ ਮ੍ਰਿਤਕ ਡਾਕਟਰ ਪਰਿਵਾਰ ਨਾਲ ਸਬੰਧਤ ਸਨ। ਡਾਕਟਰ ਜੋੜੇ ਦੇ ਇੱਕ ਘਰ 'ਚੋਂ ਛੇ ਅਤੇ ਦੂਜੇ ਘਰ ਵਿੱਚੋਂ ਤਿੰਨ ਲਾਸ਼ਾਂ ਬਰਾਮਦ ਹੋਈਆਂ ਹਨ। ਪਰਿਵਾਰ ਦਾ ਇੱਕ ਘਰ ਅੰਬਿਕਾਨਗਰ ਵਿੱਚ ਅਤੇ ਦੂਜਾ ਰਾਜਧਾਨੀ ਕਾਰਨਰ 'ਚ ਹੈ।

ਜਾਣਕਾਰੀ ਅਨੁਸਾਰ ਪਰਿਵਾਰ ਦੇ ਕਿਸੇ ਵੀ ਮੈਂਬਰ ਨੇ ਘਰ ਦਾ ਦਰਵਾਜ਼ਾ ਨਹੀਂ ਖੋਲ੍ਹਿਆ। ਇਸ ਤੋਂ ਬਾਅਦ ਗੁਆਂਢੀਆਂ ਨੂੰ ਸ਼ੱਕ ਹੋਇਆ। ਗੁਆਂਢੀਆਂ ਨੇ ਦਰਵਾਜ਼ਾ ਖੋਲ੍ਹਿਆ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ। ਘਰ ਦੇ ਅੰਦਰ ਹੀ 6 ਵਿਅਕਤੀਆਂ ਨੇ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ। ਇਸ ਤੋਂ ਬਾਅਦ ਤਿੰਨ ਲੋਕਾਂ ਦੀਆਂ ਲਾਸ਼ਾਂ ਇਕ ਹੋਰ ਘਰ 'ਚੋਂ ਮਿਲੀਆਂ।