ਸੰਗੁਰ ‘ਚ ਰੱਖੜੀ ਵਾਲੇ ਦਿਨ ਮਿਲੀ ਨੌਜਵਾਨ ਦੀ ਲਾਸ਼

by nripost

ਭਵਾਨੀਗੜ੍ਹ (ਨੇਹਾ): ਬੀਤੀ ਰਾਤ ਸ਼ਹਿਰ ਦੇ ਇੱਕ ਨੌਜਵਾਨ ਨੇ ਨਦਾਮਪੁਰ ਪਿੰਡ ਦੇ ਨੇੜੇ ਲੰਘਦੀ ਨਹਿਰ ਵਿਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਨੌਜਵਾਨ ਦੀ ਪਛਾਣ 22 ਸਾਲਾ ਮਨੀਸ਼ ਕੁਮਾਰ ਪੁੱਤਰ ਕਾਲੇ ਰਾਮ ਵਾਸੀ ਗਾਂਧੀ ਨਗਰ ਭਵਾਨੀਗੜ੍ਹ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਬੇਰੁਜ਼ਗਾਰੀ ਤੋਂ ਪਰੇਸ਼ਾਨ ਸੀ ਤੇ ਨੌਕਰੀ ਦੀ ਭਾਲ ਕਰ ਰਿਹਾ ਸੀ। ਸ਼ਨੀਵਾਰ ਸਵੇਰੇ ਰੱਖੜੀ ਵਾਲੇ ਦਿਨ ਨਹਿਰ 'ਚੋਂ ਮਿਲੀ ਮਨੀਸ਼ ਦੀ ਲਾਸ਼ ਦੇਖ ਕੇ ਉਸਦੀ ਵੱਡੀ ਭੈਣ ਤੇ ਪੂਰਾ ਪਰਿਵਾਰ ਸਦਮੇ ਵਿਚ ਹੈ।

ਇਸ ਸਬੰਧੀ ਕਾਲਾਝਾੜ ਪੁਲਿਸ ਚੌਕੀ ਦੇ ਏਐੱਸਆਈ ਅਮਨਿੰਦਰ ਸਿੰਘ ਨੇ ਦੱਸਿਆ ਕਿ ਪਰਿਵਾਰ ਅਨੁਸਾਰ ਮਨੀਸ਼ ਕੁਮਾਰ ਗ੍ਰੈਜੂਏਸ਼ਨ ਤੋਂ ਬਾਅਦ ਨੌਕਰੀ ਦੀ ਭਾਲ ਕਰ ਰਿਹਾ ਸੀ ਤੇ ਨੌਕਰੀ ਨਾ ਮਿਲਣ ਕਾਰਨ ਪਰੇਸ਼ਾਨ ਸੀ। ਉਸਦਾ ਪਿਤਾ ਕਾਲੇ ਰਾਮ ਸਖ਼ਤ ਮਿਹਨਤ ਕਰਕੇ ਘਰ ਦਾ ਗੁਜ਼ਾਰਾ ਚਲਾਉਂਦਾ ਹੈ। ਪਿਤਾ ਕਾਲੇ ਰਾਮ ਨੇ ਦੱਸਿਆ ਕਿ ਬੀਤੀ ਰਾਤ ਲਗਭਗ 8 ਵਜੇ ਜਦੋਂ ਉਸਦੀ ਪਤਨੀ ਤੇ ਵੱਡੀ ਧੀ ਘਰ 'ਚ ਮੌਜੂਦ ਸਨ ਤਾਂ ਮਨੀਸ਼ ਘਰ ਵਿਚ ਕਿਸੇ ਨੂੰ ਦੱਸੇ ਬਿਨਾਂ ਮੋਟਰਸਾਈਕਲ 'ਤੇ ਕਿਤੇ ਚਲਾ ਗਿਆ।

ਪਰਿਵਾਰ ਵੱਲੋਂ ਉਸਦੀ ਬਹੁਤ ਭਾਲ ਕੀਤੀ ਗਈ ਪਰ ਉਹ ਨਹੀਂ ਮਿਲਿਆ। ਇਸ ਦੌਰਾਨ ਅੱਜ ਸਵੇਰੇ ਪਰਿਵਾਰ ਨੇ ਮਨੀਸ਼ ਦਾ ਮੋਟਰਸਾਈਕਲ ਨਦਾਮਪੁਰ ਨਹਿਰ ਦੀ ਪਟੜੀ 'ਤੇ ਖੜ੍ਹਾ ਦੇਖਿਆ ਜਿਸ ਮਗਰੋਂ ਮਨੀਸ਼ ਦੀ ਲਾਸ਼ ਨੂੰ ਪਾਣੀ 'ਚੋਂ ਕੱਢਿਆ ਗਿਆ ਤੇ ਪੁਲਸ ਨੂੰ ਸੂਚਨਾ ਦਿੱਤੀ ਗਈ। ਏਐੱਸਆਈ ਅਮਨਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮ੍ਰਿਤਕ ਦੀ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ। ਪਰਿਵਾਰ ਨੇ ਮਾਮਲੇ ਵਿਚ ਕਿਸੇ ਵੀ ਤਰ੍ਹਾਂ ਦੀ ਪੁਲਸ ਕਾਰਵਾਈ ਤੋਂ ਇਨਕਾਰ ਕਰ ਦਿੱਤਾ। ਦੂਜੇ ਪਾਸੇ, ਇਲਾਕਾ ਨਿਵਾਸੀਆਂ ਨੇ ਸਰਕਾਰ ਤੇ ਪ੍ਰਸ਼ਾਸਨ ਕੋਲੋੰ ਪੀੜਤ ਪਰਿਵਾਰ ਨੂੰ ਵਿੱਤੀ ਮੱਦਦ ਦੇਣ ਦੀ ਮੰਗ ਕੀਤੀ ਹੈ।

More News

NRI Post
..
NRI Post
..
NRI Post
..