ਗੁਰਦਾਸਪੁਰ : ਬੀਐੱਸਐੱਫ ਦੇ ਸੈਕਟਰ ਗੁਰਦਾਸਪੁਰ ਅਧੀਨ ਆਉਂਦੀ ਬੀਐੱਸਐੱਫ ਦੀ 170 ਬਟਾਲੀਅਨ ਦੀ ਬੀਓਪੀ ਚੱਕਰੀ ਦੇ ਜਵਾਨਾਂ ਨੇ ਰਾਵੀ ਦਰਿਆ ਤੋਂ ਸੋਮਵਾਰ ਨੂੰ ਪਾਕਿਸਤਾਨੀ ਕਿਸ਼ਤੀ ਫੜੀ ਗਈ ਹੈ ਜਿਸ ਨੂੰ ਪੁਲਿਸ ਨੂੰ ਦੇ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਐੱਸਐੱਫ ਦੀ 170 ਬਟਾਲੀਅਨ ਹੈੱਡਕੁਆਰਟਰ ਮਾਧੋਪੁਰ ਦੀ ਬੀਓਪੀ ਚੱਕਰੀ ਨੇੜੇ ਵਹਿੰਦੇ ਰਾਵੀ ਦਰਿਆ ਠਾਕੁਰਪੁਰ ਦੇ ਸਾਹਮਣੇ ਪੈਂਦੀ ਪਾਕਿਸਤਾਨ ਦੀ ਚਾਂਦਪੁਰੀ ਪੋਸਟ ਵਾਲੇ ਪਾਸੇ ਰਾਵੀ ਦਰਿਆ ਤੇ ਬਣੇ ਟੀ ਪੁਆਇੰਟ ਦੇ ਸਾਹਮਣੇ ਕਿਸ਼ਤੀ ਤੇ ਬੀਐੱਸਐੱਫ ਜਵਾਨਾਂ ਦੀ ਤਿੱਖੀ ਨਜ਼ਰ ਪਈ।
ਭਾਰਤ ਵਾਲੇ ਪਾਸੇ ਵਹਿੰਦੇ ਰਾਵੀ ਦਰਿਆ ਵਿਚ ਖੜ੍ਹੀ ਇਸ ਕਿਸ਼ਤੀ ਨੂੰ ਬੀਐੱਸਐੱਫ ਦੇ ਜਵਾਨਾਂ ਨੇ ਆਪਣੇ ਕਬਜ਼ੇ ਵਿਚ ਲਿਆ। ਇਸ ਦੌਰਾਨ ਦੇਖਿਆ ਕਿ ਖਸਤਾਹਾਲ ਕਿਸ਼ਤੀ ਵਿਚ ਰੱਸੀ ਵੀ ਪਈ ਹੋਈ ਸੀ, ਨੂੰ ਬੀਐੱਸਐੱਫ ਜਵਾਨਾਂ ਨੇ ਫੜ ਕੇ ਕਬਜ਼ੇ ਵਿਚ ਲੈ ਲਿਆ। ਇਸ ਸਬੰਧੀ ਬੀਐੱਸਐੱਫ ਦੇ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਗਿਆ। ਇਸ ਮਗਰੋਂ ਖਸਤਾ ਹਾਲਤ ਪਾਕਿਸਤਾਨੀ ਕਿਸ਼ਤੀ ਨੂੰ ਪੁਲਿਸ ਥਾਣਾ ਦੌਰਾਂਗਲਾ ਹਵਾਲੇ ਕਰ ਦਿੱਤਾ ਗਿਆ।
ਇਸ ਸਬੰਧੀ ਪੁਲਿਸ ਥਾਣਾ ਦੌਰਾਂਗਲਾ ਦੇ ਐੱਸਐੱਚਓ ਪ੍ਰਵੀਨ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਬੀਐੱਸਐੱਫ ਦੇ ਜਵਾਨਾਂ ਨੇ ਰਾਵੀ ਦਰਿਆ ਤੋਂ ਖਸਤਾ ਹਾਲਤ ਕਿਸ਼ਤੀ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਐੱਸਐੱਚਓ ਨੇ ਦੱਸਿਆ ਕਿ ਉਨ੍ਹਾਂ ਨੇ ਭਾਰਤੀ ਖੇਤਰ ਵਿਚ ਦਾਖਲ ਦੀ ਕਿਸ਼ਤੀ ਸਬੰਧੀ ਕਾਨੂੰਨੀ ਕਾਰਵਾਈ ਕਰ ਕੇ ਇਹ ਕਬਜ਼ੇ ਵਿਚ ਲੈ ਲਈ ਹੈ।



