ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਬੋਰਿਸ ਜਾਨਸਨ..!

by mediateam

ਲੰਡਨ (ਵਿਕਰਮ ਸਹਿਜਪਾਲ) : ਬੋਰਿਸ ਜਾਨਸਨ ਦੇ ਰੂਪ ਵਿਚ ਬ੍ਰਿਟੇਨ ਨੂੰ ਨਵਾਂ ਪ੍ਰਧਾਨ ਮੰਤਰੀ ਮਿਲ ਗਿਆ ਹੈ। ਲੰਡਨ ਦੇ ਸਾਬਕਾ ਮੇਅਰ ਤੇ ਸਾਬਕਾ ਵਿਦੇਸ਼ ਮੰਤਰੀ ਜਾਨਸਨ ਮੰਗਲਵਾਰ ਕੰਜ਼ਰਵੇਟਿਵ ਪਾਰਟੀ ਦੇ ਆਗੂ ਚੁਣੇ ਗਏ। ਉਨ੍ਹਾ ਨੂੰ 92153 ਵੋਟਾਂ (66 ਫੀਸਦੀ) ਮਿਲੀਆਂ, ਜਦਕਿ ਉਨ੍ਹਾ ਦੇ ਵਿਰੋਧੀ ਜਰਮੀ ਹੰਟ ਨੂੰ ਸਿਰਫ 46656 ਵੋਟਾਂ। ਕੁਲ 1,59,320 ਵਿਚੋਂ 87.4 ਫੀਸਦੀ ਨੇ ਵੋਟਿੰਗ ਕੀਤੀ ਸੀ। 55 ਸਾਲ ਦੇ ਜਾਨਸਨ ਬ੍ਰਿਟੇਨ ਦੇ ਯੂਰਪੀ ਯੂਨੀਅਨ ਵਿਚੋਂ ਨਿਕਲਣ (ਬ੍ਰੈਗਜ਼ਿਟ) ਦੇ ਵੱਡੇ ਹਮਾਇਤੀ ਹਨ। 

ਮੌਜੂਦਾ ਪ੍ਰਧਾਨ ਮੰਤਰੀ ਟਰੀਜ਼ਾ ਮੇ ਹੁਣ ਮਹਾਰਾਣੀ ਅਲਿਜ਼ਾਬੈਥ ਦੋਇਮ ਨੂੰ ਅਸਤੀਫਾ ਭੇਜਣ ਤੋਂ ਪਹਿਲਾਂ ਸਦਨ ਵਿਚ ਪ੍ਰਧਾਨ ਮੰਤਰੀ ਵਜੋਂ ਮੈਂਬਰਾਂ ਦੇ ਸਵਾਲਾਂ ਦੇ ਜਵਾਬ ਦੇਣਗੇ। ਬ੍ਰੈਗਜ਼ਿਟ ਮੁੱਦੇ 'ਤੇ ਪਾਰਟੀ ਵਿਚ ਬਗਾਵਤ ਕਾਰਨ ਟਰੀਜ਼ਾ ਨੂੰ ਪਿਛਲੇ ਮਹੀਨੇ ਅਸਤੀਫੇ ਦਾ ਐਲਾਨ ਕਰਨਾ ਪਿਆ ਸੀ। ਜਾਨਸਨ ਉਦੋਂ ਵਾਗਡੋਰ ਸੰਭਾਲ ਰਹੇ ਹਨ, ਜਦ ਬ੍ਰੈਗਜ਼ਿਟ ਨੂੰ ਲੈ ਕੇ ਬੇਯਕੀਨੀ ਵਾਲਾ ਮਾਹੌਲ ਹੈ। ਖਜ਼ਾਨਾ ਮੰਤਰੀ ਫਿਲਿਪ ਹੇਮੰਡ ਸਮੇਤ ਕਈ ਮੰਤਰੀ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਜਾਨਸਨ ਦੀ ਅਗਵਾਈ ਵਿਚ ਕੰਮ ਕਰਨ ਨਾਲੋਂ ਅਸਤੀਫਾ ਦੇਣਾ ਬਿਹਤਰ ਹੋਵੇਗਾ।