Breaking: ਪੰਜਾਬ ‘ਚ ਫਿਰ ਐਨਕਾਊਂਟਰ, 2 ਗੈਂਗਸਟਰ ਗ੍ਰਿਫਤਾਰ

by jaskamal

ਪੱਤਰ ਪ੍ਰੇਰਕ : ਪੰਜਾਬ ਵਿੱਚ ਗੈਂਗਸਟਰਾਂ ਅਤੇ ਬਦਮਾਸ਼ਾਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਇਸ ਦੌਰਾਨ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਮੋਹਾਲੀ 'ਚ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ ਹੋਇਆ ਹੈ। ਇਹ ਮੁਕਾਬਲਾ ਖਰੜ ਨੇੜੇ ਦਾਊਮਾਜਰਾ ਵਿੱਚ ਹੋਇਆ। ਜਾਣਕਾਰੀ ਮੁਤਾਬਕ ਕੁਰਾਲੀ 'ਚ ਕਾਂਗਰਸੀ ਆਗੂ ਦੇ ਘਰ ਦੇ ਬਾਹਰ ਗੋਲੀਬਾਰੀ ਦੇ ਮਾਮਲੇ 'ਚ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਇਨ੍ਹਾਂ ਗੈਂਗਸਟਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਕਾਂਗਰਸੀ ਆਗੂ ਦੇ ਘਰ ਦੇ ਬਾਹਰ ਗੋਲੀਬਾਰੀ ਦੇ ਮਾਮਲੇ 'ਚ ਕਾਰਵਾਈ ਕਰ ਰਹੀ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਖਰੜ ਨੇੜੇ ਦਾਊਮਾਜਰਾ 'ਚ 3 ਗੈਂਗਸਟਰ ਮੌਜੂਦ ਹਨ। ਪੁਲਿਸ ਨੇ ਤੁਰੰਤ ਇਨ੍ਹਾਂ ਗੈਂਗਸਟਰਾਂ ਨੂੰ ਘੇਰ ਲਿਆ। ਇਸ ਦੌਰਾਨ ਪੁਲਿਸ ਨੇ ਉਨ੍ਹਾਂ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਪਰ ਉਨ੍ਹਾਂ ਪੁਲਿਸ 'ਤੇ ਗੋਲੀਆਂ ਚਲਾ ਦਿੱਤੀਆਂ। ਪੁਲਿਸ ਦੀ ਜਵਾਬੀ ਗੋਲੀਬਾਰੀ ਦੌਰਾਨ ਇੱਕ ਗੈਂਗਸਟਰ ਜ਼ਖ਼ਮੀ ਹੋ ਗਿਆ। ਇਸ ਦੌਰਾਨ ਪੁਲਿਸ ਨੇ 2 ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਹੈ।

ਐਨਕਾਊਂਟਰ ਤੋਂ ਬਾਅਦ ਸੀਨੀਅਰ ਅਧਿਕਾਰੀ ਐਸਐਸਪੀ ਸੰਦੀਪ ਮੁਹਾਲੀ ਮੌਕੇ ’ਤੇ ਪਹੁੰਚ ਗਏ ਹਨ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਦੋਵੇਂ ਗੈਂਗਸਟਰ ਖਰੜ ਦੇ ਦਾਊਂਮਾਜਰਾ 'ਚ ਮੋਟਰਸਾਈਕਲ 'ਤੇ ਸਵਾਰ ਹੋ ਕੇ ਜਾ ਰਹੇ ਸਨ, ਜਦੋਂ ਪੁਲਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਭੱਜਦੇ ਹੋਏ ਡੀਐੱਸਪੀ ਦੀ ਕਾਰ ਨੂੰ ਟੱਕਰ ਮਾਰ ਦਿੱਤੀ ਅਤੇ ਗੋਲੀਆਂ ਚਲਾ ਦਿੱਤੀਆਂ। ਇਸ ਤੋਂ ਬਾਅਦ ਪੁਲਿਸ ਨੇ ਵੀ ਉਨ੍ਹਾਂ 'ਤੇ ਜਵਾਬੀ ਕਾਰਵਾਈ ਕੀਤੀ। ਇਸ ਦੌਰਾਨ ਪੁਲਿਸ ਨੇ ਕੁੱਲ 10 ਰਾਉਂਡ ਫਾਇਰ ਕੀਤੇ। ਇਸ ਦੌਰਾਨ ਦੋ ਗੈਂਗਸਟਰ ਕਾਬੂ ਕਰ ਲਏ ਗਏ, ਜਿਨ੍ਹਾਂ ਵਿੱਚੋਂ ਇੱਕ ਨੂੰ ਗੋਲੀ ਲੱਗ ਗਈ। ਇਸ ਦੌਰਾਨ ਗੈਂਗਸਟਰਾਂ ਕੋਲੋਂ 2 ਪਿਸਤੌਲ ਅਤੇ ਇੱਕ ਬਿਨਾਂ ਨੰਬਰੀ ਬਾਈਕ ਬਰਾਮਦ ਹੋਈ ਹੈ। ਇਨ੍ਹਾਂ ਦੀ ਪਛਾਣ ਬ੍ਰਿਜ ਪਾਲ ਵਾਸੀ ਨਰਾਇਣਗੜ੍ਹ, ਪ੍ਰਦੀਪ ਉਰਫ ਸ਼ੈਟੀ ਵਾਸੀ ਨਰਾਇਣਗੜ੍ਹ ਵਜੋਂ ਹੋਈ ਹੈ।