ਲੰਡਨ (ਵਿਕਰਮ ਸਹਿਜਪਾਲ) : ਬਰਤਾਨੀਆ ਦੀ ਪ੍ਰਧਾਨ ਮੰਤਰੀ ਥੈਰੇਸਾ ਮੇੇ ਨੇ ਹਾਕਮ ਕੰਜ਼ਰਵੇਟਿਵ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਸ਼ੁੱਕਰਵਾਰ ਨੂੰ ਅਸਤੀਫ਼ਾ ਦੇ ਦਿੱਤਾ। ਆਪਣਾ ਵਾਰਿਸ ਚੁਣੇ ਜਾਣ ਤਕ ਉਹ ਕਾਰਜਕਾਰੀ ਪ੍ਰਧਾਨ ਮੰਤਰੀ ਬਣੇ ਰਹਿਣਗੇ। ਥੈਰੇਸਾ ਮੇ ਨੇ ਬ੍ਰੈਗਜ਼ਿਟ ਸਮਝੌਤੇ 'ਤੇ ਸੰਸਦ 'ਚ ਕਈ ਵਾਰੀ ਨਾਕਾਮੀ ਹੱਥ ਲੱਗਣ ਦੇ ਬਾਅਦ ਪਿਛਲੇ ਮਹੀਨੇ ਪੀਐੱਮ ਅਹੁਦਾ ਛੱਡਣ ਦਾ ਐਲਾਨ ਕੀਤਾ ਸੀ। ਹੁਣ ਉਨ੍ਹਾਂ ਦੇ ਵਾਰਿਸ 'ਤੇ ਬ੍ਰੈਗਜ਼ਿਟ ਮਾਮਲੇ ਨੂੰ ਅੱਗੇ ਲਿਜਾਣ ਦੀ ਜ਼ਿੰਮੇਵਾਰੀ ਹੋਵੇਗੀ।
ਥੈਰੇਸਾ ਦੇ ਅਸਤੀਫ਼ੇ ਪਿੱਛੋਂ ਉਨ੍ਹਾਂ ਦੀ ਪਾਰਟੀ 'ਚ ਨਵੇਂ ਨੇਤਾ ਦੀ ਚੋਣ ਨੂੰ ਲੈ ਕੇ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਥੈਰੇਸਾ ਜੂਨ, 2016 'ਚ ਡੇਵਿਡ ਕੈਮਰੂਨ ਦੇ ਅਸਤੀਫ਼ੇ ਪਿੱਛੋਂ ਪ੍ਰਧਾਨ ਮੰਤਰੀ ਬਣੇ ਸਨ। ਥੈਰੇਸਾ ਦੇ ਅਸਤੀਫ਼ੇ ਦੇ ਐਲਾਨ ਨਾਲ ਬਰਤਾਨੀਆ 'ਚ ਬ੍ਰੈਗਜ਼ਿਟ (ਯੂਰਪੀ ਯੂਨੀਅਨ ਤੋਂ ਵੱਖ) ਦਾ ਮਸਲਾ ਹੋਰ ਉਲਝ ਗਿਆ ਹੈ। ਯੂਰਪੀ ਸੰਘ ਨੇ ਬਰਤਾਨੀਆ ਨੂੰ ਅਲੱਗ ਹੋਣ ਲਈ 31 ਅਕਤੂਬਰ ਤਕ ਦਾ ਸਮਾਂ ਦੇ ਦਿੱਤਾ ਹੈ। ਕੰਜ਼ਰਵੇਟਿਵ ਪਾਰਟੀ ਦਾ ਨੇਤਾ ਬਣਨ ਦੀ ਦੌੜ 'ਚ ਹੁਣ ਤਕ 11 ਨਾਂ ਸਾਹਮਣੇ ਆ ਚੁੱਕੇ ਹਨ। ਇਨ੍ਹਾਂ 'ਚ ਸਾਬਕਾ ਵਿਦੇਸ਼ ਮੰਤਰੀ ਬੋਰਿਸ ਜੌਨਸਨ ਸਭ ਤੋਂ ਅੱਗੇ ਦੱਸੇ ਜਾ ਰਹੇ ਹਨ। ਮੌਜੂਦਾ ਵਿਦੇਸ਼ ਮੰਤਰੀ ਜੇਰੇਮੀ ਹੰਟ ਤੇ ਵਾਤਾਵਰਨ ਮੰਤਰੀ ਮਾਈਕਲ ਗੋਵ ਵੀ ਇਸ ਦੌੜ 'ਚ ਸ਼ਾਮਲ ਹਨ।
ਕੰਜ਼ਰਵੇਟਿਵ ਪਾਰਟੀ ਦੀ ਚੋਣ ਕਮੇਟੀ ਦੇ ਮੁਖੀ ਚਾਰਲਸ ਵਾਕਰ ਨੇ ਕਿਹਾ, 'ਸਾਡਾ ਮਕਸਦ ਹੈ ਕਿ 20 ਜੂਨ ਦੇ ਮਤਦਾਨ ਦੇ ਬਾਅਦ ਸਿਰਫ਼ ਦੋ ਉਮੀਦਵਾਰ ਬਚਣ। ਇਸ ਦੇ ਬਾਅਦ ਪਾਰਟੀ ਦੇ ਸੰਸਦ ਮੈਂਬਰ ਉਨ੍ਹਾਂ ਦੋਵਾਂ 'ਚੋਂ ਕਿਸੇ ਇਕ ਨੂੰ ਨੇਤਾ ਚੁਣਨਗੇ। ਉਮੀਦ ਹੈ ਕਿ 22 ਜੁਲਾਈ ਨੂੰ ਜੇਤੂ ਦੇ ਨਾਂ ਦਾ ਐਲਾਨ ਕਰ ਦਿੱਤਾ ਜਾਵੇਗਾ'।



