ਸ਼ਹੀਦ ਹੋਏ ਕਿਸਾਨਾਂ ਦੀ ਮਦਦ ਲਈ ਬ੍ਰਿਟਿਸ਼ ਕੋਲੰਬੀਆ ਦਾ ਰੇਡੀਓ ਦੇਵੇਗਾ 2 ਕਰੋੜ ਰੁਪਏ

by vikramsehajpal

ਬ੍ਰਿਟਿਸ਼ ਕੋਲੰਬੀਆ (ਦੇਵ ਇੰਦਰਜੀਤ)- ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੀ ਮਦਦ ਲਈ ਕੈਨੇਡਾ ਦੇ ਰਿਚਮੰਡ (ਬ੍ਰਿਟਿਸ਼ ਕੋਲੰਬੀਆ) ਦੇ ਰੇਡੀਓ ‘ਸ਼ੇਰ-ਏ-ਪੰਜਾਬ’ ਨੇ ਵੀ ਉੱਦਮ ਕੀਤਾ ਹੈ। ਰੇਡੀਓ ‘ਸ਼ੇਰ-ਏ-ਪੰਜਾਬ’ ਦੇ ਸੀਈਓ ਅਜੀਤ ਸਿੰਘ ਬਾਠ ਨੇ ਦੱਸਿਆ ਕਿ ਪੰਜਾਬ ਦੇ ਲੋਕ ਜਿਹੜੇ ਕੈਨੇਡਾ, ਅਮਰੀਕਾ ਅਤੇ ਹੋਰ ਦੇਸ਼ਾਂ ਵਿੱਚ ਵਸਦੇ ਹਨ, ਦਿਲ ਖੋਲ੍ਹ ਕੇ ਦਾਨ ਕਰ ਰਹੇ ਹਨ। ਸੰਸਥਾ ਨੇ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਦੀ ਆਰਥਿਕ ਮਦਦ ਲਈ ਰਾਸ਼ੀ ਇਕੱਠੀ ਕਰਨ ਵਾਸਤੇ ‘ਸ਼ੇਰ-ਏ-ਪੰਜਾਬ ਰੇਡੀਓਥੌਨ’ ਕਰਵਾਈ ਤਾਂ ਕੁਝ ਘੰਟਿਆਂ ਦੌਰਾਨ ਹੀ ਤਿੰਨ ਲੱਖ ਤੋਂ ਵੱਧ ਕੈਨੇਡੀਅਨ ਡਾਲਰ ਇਕੱਠੇ ਹੋ ਗਏ, ਜਿਸ ਦੀ ਭਾਰਤੀ ਕਰੰਸੀ ਤਕਰੀਬਨ 2 ਕਰੋੜ ਰੁਪਏ ਬਣਦੀ ਹੈ। ਰੇਡੀਓ ਦੀ ਇੱਕ ਟੀਮ ਪੰਜਾਬ ਜਾ ਕੇ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਪੀੜਤ ਪਰਿਵਾਰਾਂ ਨੂੰ ਇਹ ਰਾਸ਼ੀ ਮੁਹੱਈਆ ਕਰਵਾਏਗੀ। ਅਜੀਤ ਸਿੰਘ ਬਾਠ ਨੇ ਦੱਸਿਆ ਕਿ ਸੰਸਥਾ ਵੱਲੋਂ ਉਨ੍ਹਾਂ ਕਿਸਾਨਾਂ ਦੇ ਪਰਿਵਾਰਾਂ ਦੀ ਆਰਥਿਕ ਮਦਦ ਲਈ ਅਜਿਹਾ ਕੀਤਾ ਗਿਆ ਹੈ ਜਿਹੜੇ ਕਿਸਾਨ ਪੰਜਾਬ ਅਤੇ ਦਿੱਲੀ ਦੇ ਬਾਰਡਰ ’ਤੇ ਆਪਣੀ ਜਾਨ ਕੁਰਬਾਨ ਕਰ ਚੁੱਕੇ ਹਨ।