ਬ੍ਰਿਟਿਸ਼ ਖੁਫੀਆ ਏਜੰਸੀ ਦਾ ਦਾਅਵਾ, ਰੂਸੀ ਸੈਨਿਕਾਂ ਨੇ ਪੁਤਿਨ ਦੇ ਹੁਕਮ ਮੰਨਣ ਤੋਂ ਕੀਤਾ ਇਨਕਾਰ

by jaskamal

ਨਿਊਜ਼ ਡੈਸਕ : ਬ੍ਰਿਟਿਸ਼ ਖੁਫੀਆ ਮੁਖੀ ਜੇਰੇਮੀ ਫਲੇਮਿੰਗ ਨੇ ਵੀਰਵਾਰ ਨੂੰ ਕਿਹਾ ਕਿ ਕੁਝ ਰੂਸੀ ਫ਼ੌਜੀਆਂ ਨੇ ਹਥਿਆਰਾਂ ਤੇ ਮਨੋਬਲ ਦੀ ਕਮੀ ਕਾਰਨ ਯੂਕਰੇਨ 'ਚ ਆਪਣੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਹੁਕਮਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਬ੍ਰਿਟਿਸ਼ ਖੁਫੀਆ ਏਜੰਸੀ GCHQ ਫਲੇਮਿੰਗ ਨੇ ਕੈਨਬਰਾ 'ਚ ਕਿਹਾ ਕਿ ਇਹ ਪ੍ਰਤੀਤ ਹੁੰਦਾ ਹੈ ਕਿ ਪੁਤਿਨ ਨੇ ਸਥਿਤੀ ਦਾ ਵੱਡੇ ਪੱਧਰ 'ਤੇ ਗਲਤ ਮੁਲਾਂਕਣ ਕੀਤਾ ਹੈ। ਇਹ ਸਪੱਸ਼ਟ ਹੈ ਕਿ ਉਨ੍ਹਾਂ ਨੇ ਯੂਕਰੇਨ ਦੇ ਲੋਕਾਂ ਦੇ ਵਿਰੋਧ ਦੀ ਗਲਤ ਗਣਨਾ ਕੀਤੀ। ਉਨ੍ਹਾਂ ਨੇ ਕਿਹਾ ਕਿ ਅਸੀਂ ਰੂਸੀ ਸੈਨਿਕਾਂ ਨੂੰ ਹਥਿਆਰਾਂ ਤੇ ਮਨੋਬਲ ਦੀ ਘਾਟ ਕਾਰਨ ਆਦੇਸ਼ਾਂ ਨੂੰ ਪੂਰਾ ਕਰਨ ਤੋਂ ਇਨਕਾਰ ਕਰਦੇ ਹੋਏ, ਆਪਣੇ ਖੁਦ ਦੇ ਉਪਕਰਨਾਂ ਦੀ ਭੰਨ੍ਹਤੋੜ ਕਰਦੇ ਹੋਏ ਤੇ ਗ਼ਲਤੀ ਨਾਲ ਖੁਦ ਦੇ ਜਹਾਜ਼ਾਂ ਨੂੰ ਢੇਰ ਕਰਦੇ ਹੋਏ ਦੇਖਿਆ ਹੈ। 

ਉਨ੍ਹਾਂ ਨੇ ਅੱਗੇ ਕਿਹਾ ਕਿ ਹਾਲਾਂਕਿ ਅਸੀਂ ਮੰਨਦੇ ਹਾਂ ਕਿ ਪੁਤਿਨ ਦੇ ਸਲਾਹਕਾਰ ਉਸ ਨੂੰ ਸੱਚ ਦੱਸਣ ਤੋਂ ਡਰਦੇ ਹਨ। ਕੀ ਹੋ ਰਿਹਾ ਹੈ ਤੇ ਇਨ੍ਹਾਂ ਗਲਤ ਫ਼ੈਸਲਿਆਂ ਦੀ ਹੱਦ ਸਰਕਾਰ ਨੂੰ ਸਪੱਸ਼ਟ ਹੋਣੀ ਚਾਹੀਦੀ ਹੈ। ਸੀਐੱਨਐੱਨ ਨੇ ਫਲੇਮਿੰਗ ਦੇ ਹਵਾਲੇ ਨਾਲ ਕਿਹਾ ਕਿ ਬ੍ਰਿਟੇਨ ਦੇ ਨੈਸ਼ਨਲ ਸਾਈਬਰ ਸੁਰੱਖਿਆ ਕੇਂਦਰ ਨੇ ਯੂਕਰੇਨ ਦੀ ਸਰਕਾਰ ਤੇ ਫ਼ੌਜੀ ਪ੍ਰਣਾਲੀਆਂ ਨੂੰ ਵਿਗਾੜਨ ਦੇ ਰੂਸ ਦੇ ਲਗਾਤਾਰ ਇਰਾਦੇ ਨੂੰ ਦੇਖਿਆ ਹੈ। ਇਸ ਨੇ ਇਹ ਸੰਕੇਤ ਵੀ ਦੇਖੇ ਹਨ ਕਿ ਰੂਸੀ ਸਾਈਬਰ ਐਕਟਰ ਕ੍ਰੇਮਲਿਨ ਦੀਆਂ ਕਾਰਵਾਈਆਂ ਦਾ ਵਿਰੋਧ ਕਰਨ ਵਾਲੇ ਦੇਸ਼ਾਂ 'ਚ ਨਿਸ਼ਾਨਾ ਲੱਭ ਰਹੇ ਹਨ।