ਲੁਧਿਆਣਾ (ਨੇਹਾ): ਬੁੱਢੇ ਦਰਿਆ ਨੂੰ ਪ੍ਰਦੂਸ਼ਣ ਮੁਕਤ ਕਰਨ ਵਿੱਚ ਪਿਛਲੇ ਸਾਲ ਤੋਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਲਗਾਤਾਰ ਕੰਮ ਕਰ ਰਹੇ ਹਨ। ਉਹ ਅੱਜ ਤਾਜਪੁਰ ਰੋਡ ’ਤੇ ਪੁੱਜੇ ਅਤੇ ਬੁੱਢਾ ਦਰਿਆ ਸਾਫ਼ ਕਰਨ ਲਈ ਜ਼ਿੰਮੇਵਾਰ ਸੰਸਥਾ ‘ਖਿਲਾੜੀ’ ਦੇ ਪ੍ਰਬੰਧਾਂ ’ਤੇ ਸਵਾਲ ਚੁੱਕੇ। ਇਸ ਦੌਰਾਨ ਤਾਜਪੁਰ ਡੇਅਰੀ ਕੰਪਲੈਕਸ ਦਾ ਗੰਦਾ ਪਾਣੀ ਦਰਿਆ ਵਿੱਚ ਜਾਣ ’ਤੇ ਰਾਜ ਸਭਾ ਮੈਂਬਰ ਸੀਚੇਵਾਲ ਨੇ ਸੰਸਥਾ ਦੇ ਅਧਿਕਾਰੀਆਂ ਦੀ ਝਾੜ-ਝੰਬ ਕੀਤੀ। ਉਨ੍ਹਾਂ ਖਿਲਾੜੀ ਸੰਸਥਾ ਦੇ ਅਧਿਕਾਰੀ ਨੂੰ ਦਿਖਾਇਆ ਕਿ ਕਿਵੇਂ ਆਰਜ਼ੀ ਤੌਰ ’ਤੇ ਬਣਾਏ ਸੀਚੇਵਾਲ ਮਾਡਲ ਨਾਲ ਛੇੜਛਾੜ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਤਾਜਪੁਰ ਡੇਅਰੀ ਕੰਪਲੈਕਸ ਦਾ ਗੋਹਾ ਅਤੇ ਗੰਦਾ ਪਾਣੀ ਬੁੱਢੇ ਦਰਿਆ ਵਿੱਚ ਪਾਉਣ ਤੋਂ ਰੋਕਣ ਦੀ ਜ਼ਿੰਮੇਵਾਰੀ ਖਿਲਾੜੀ ਸੰਸਥਾ ਦੀ ਹੈ। ਸੰਸਥਾ ਦੇ ਅਧਿਕਾਰੀਆਂ ਦੀ ਲਾਪਰਵਾਹੀ ਕਾਰਨ ਡੇਅਰੀਆਂ ਦੀ ਗੰਦਗੀ ਬਿਨਾਂ ਸੋਧਿਆਂ ਦਰਿਆ ਵਿੱਚ ਪਾਈ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਅੰਮ੍ਰਿਤ ਧਰਮ ਕੰਡਾ ਵਾਲੀ ਪੁਲੀ ਨੇੜੇ ਆਰਜ਼ੀ ਤੌਰ ’ਤੇ ਬਣਾਏ ਸੀਚੇਵਾਲ ਮਾਡਲ ਤਹਿਤ ਜਿਹੜੇ ਤਿੰਨ ਛੱਪੜ ਬਣਾਏ ਗਏ ਹਨ, ਉਨ੍ਹਾਂ ਵਿੱਚੋਂ ਰੋਜ਼ਾਨਾ 17 ਟਿੱਪਰ ਗੋਹੇ ਦੇ ਚੁੱਕੇ ਜਾ ਰਹੇ ਹਨ। ਇੱਥੇ ਆਰਜ਼ੀ ਤੌਰ ’ਤੇ ਪਾਣੀ ਨੂੰ ਟਰੀਟ ਕੀਤਾ ਜਾਂਦਾ ਹੈ। ਸ੍ਰੀ ਸੀਚੇਵਾਲ ਨੇ ਜਦੋਂ ਖਿਲਾੜੀ ਦੇ ਨੁਮਾਇੰਦਿਆਂ ਨੂੰ ਇਸ ਬਾਰੇ ਸਵਾਲ ਕੀਤਾ ਤਾਂ ਉਹ ਕੋਈ ਤਸੱਲੀਬਖ਼ਸ਼ ਜਵਾਬ ਨਾ ਦੇ ਸਕੇ।
ਸੰਤ ਸੀਚੇਵਾਲ ਨੇ ਕਿਹਾ ਕਿ ਨਗਰ ਨਿਗਮ ਦਾ 165 ਐੱਮ ਐੱਲ ਡੀ ਕਰੀਬ ਪਾਣੀ ਬਿਨਾਂ ਸੋਧਿਆਂ ਬੁੱਢੇ ਦਰਿਆ ਵਿੱਚ ਜਾ ਰਿਹਾ ਸੀ। ਇਸ ਨੂੰ ਰੋਕ ਕੇ ਇਸ ਦਾ ਕੁਨੈਕਸ਼ਨ 225 ਐੱਮ ਐੱਲ ਡੀ ਟਰੀਟਮੈਂਟ ਪਲਾਂਟ ਤੱਕ ਕੀਤਾ ਗਿਆ। ਪੇਂਡੂ ਖੇਤਰ ਦੀਆਂ 79 ਡੇਅਰੀਆਂ ਦਾ ਗੋਹਾ ਦਰਿਆ ਵਿੱਚ ਪੈਣ ਤੋਂ ਰੋਕਿਆ ਗਿਆ। ਇਸ ਨਾਲ ਦਰਿਆ ਦੇ ਪਾਣੀ ਦੀ ਗੁਣਵੱਤਾ ਵਿੱਚ ਸੁਧਾਰ ਹੋਇਆ ਹੈ। ਇਸ ਸਭ ਦੇ ਬਾਵਜੂਦ ਜਦੋਂ ਬੁੱਢੇ ਦਰਿਆ ਨੂੰ ਸਾਫ਼ ਕਰਨ ਦੀ ਕਾਰ ਸੇਵਾ ਸਾਰਥਕ ਨਤੀਜੇ ਦੇ ਰਹੀ ਹੈ ਤਾਂ ਕੁਝ ਅਧਿਕਾਰੀ ਜਾਣਬੁੱਝ ਕੇ ਇਸ ਮੁਹਿੰਮ ਨੂੰ ਨੁਕਸਾਨ ਪਹੁੰਚਾ ਰਹੇ ਹਨ। ਸਾਲਾਂ ਬਾਅਦ ਜਦੋਂ ਦਰਿਆ ਦੇ ਪਾਣੀ ਵਿੱਚ ਸੁਧਾਰ ਨਜ਼ਰ ਆ ਰਿਹਾ ਹੈ ਤਾਂ ਲੁਧਿਆਣਾ ਵਾਸੀਆਂ ਦਾ ਵੀ ਫ਼ਰਜ਼ ਬਣਦਾ ਹੈ ਕਿ ਉਹ ਅਜਿਹੀ ਲਾਪ੍ਰਵਾਹੀ ਵਿਰੁੱਧ ਆਵਾਜ਼ ਉਠਾਉਣ।



