ਡੰਗਰਾਂ ਨੂੰ ਪੱਠੇ ਪਾ ਰਹੇ 3 ਵਿਅਕਤੀਆਂ ‘ਤੇ ਚੱਲੀਆਂ ਗੋਲੀਆਂ, ਗੰਭੀਰ ਜਖ਼ਮੀ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ ): ਗੁਰਦਾਸਪੁਰ ਦੇ ਪਿੰਡ ਨਿਮਾਣੇ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਆਪਣੀ ਹਵੇਲੀ 'ਚ ਡੰਗਰਾਂ ਨੂੰ ਪੱਠੇ ਪਾ ਰਹੇ 3 ਵਿਅਕਤੀਆਂ ਤੇ ਪਿੰਡ ਦੇ ਇੱਕ ਵਿਅਕਤੀ ਨੇ ਆਪਣੀ ਪਿਸਤੌਲ ਨਾਲ ਗੋਲੀਆਂ ਚਲਾ ਦਿੱਤੀਆਂ। ਜਿਸ ਕਰਕੇ 2 ਵਿਅਕਤੀ ਗੰਭੀਰ ਜਖ਼ਮੀ ਹੋ ਗਏ। ਜਖ਼ਮੀਆਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ, ਉੱਥੇ ਹੀ ਇਸ ਮਾਮਲੇ 'ਚ ਪੁਲਿਸ ਨੇ ਪਿਓ - ਪੁੱਤ ਖ਼ਿਲਾਫ਼ ਵੱਖ- ਵੱਖ ਧਰਾਵਾਂ ਤਹਿਤ ਮਾਮਲਾ ਦਰਜ਼ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

ਪੁਲਿਸ ਨੂੰ ਸ਼ਿਕਾਇਤ ਵਿੱਚ ਜਖ਼ਮੀ ਗੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਉਹ ਤੇ ਉਸ ਦਾ ਚਾਚਾ ਗੁਰਮੀਤ ਸਿੰਘ ਤੇ ਸੁਖਦੇਵ ਸਿੰਘ ਸ਼ਾਮ ਦੇ ਸਮੇ ਆਪਣੀ ਹਵੇਲੀ 'ਚ ਡੰਗਰਾਂ ਨੂੰ ਪੱਠੇ ਪਾ ਰਹੇ ਸਨ । ਅਚਾਨਕ ਦੋਸ਼ੀ ਗੁਰਦੀਪ ਸਿੰਘ ਤੇ ਕਰਨੈਲ ਸਿੰਘ ਆ ਗਏ । ਇਸ ਦੌਰਾਨ ਗੁਰਦੀਪ ਸਿੰਘ ਦੇ ਹੱਥ ਵਿੱਚ ਪਿਸਤੌਲ ਫੜੀ ਹੋਈ ਸੀ। ਜਿਸ ਨੇ ਮਾਰਨ ਦੀ ਨੀਅਤ ਨਾਲ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ । ਫਿਲਹਾਲ ਪੁਲਿਸ ਨੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ਼ ਕਰਕੇ ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ ।