ਮੋਗਾ (ਪਾਇਲ): ਨਿਹਾਲ ਸਿੰਘ ਵਾਲਾ ਵਿਖੇ ਮੁੱਖ ਚੌਂਕ 'ਚ ਪੁਲਸ ਥਾਣੇ ਤੋਂ ਸਿਰਫ਼ 100 ਮੀਟਰ ਦੀ ਦੂਰੀ 'ਤੇ ਚਿੱਟੇ ਦਿਨ ਦਿਹਾੜੇ ਇਕ ਮੋਬਾਈਲ ਟੈਲੀਕਾਮ ਦੁਕਾਨ ਉਪਰ ਤਾੜ-ਤਾੜ ਗੋਲੀਆਂ ਚੱਲਣ ਦੀ ਘਟਨਾ ਸਾਹਮਣੇ ਆਈ ਹੈ । ਇਸ ਘਟਨਾ ਸਬੰਧੀ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਨਿਹਾਲ ਸਿੰਘ ਵਾਲਾ ਦੇ ਮੁੱਖ ਚੌਂਕ 'ਚ ਬਾਂਸਲ ਟੈਲੀਕਾਮ 'ਤੇ ਦੋ ਧਿਰਾਂ ਚ ਆਪਸੀ ਕੁਝ ਝਗੜੇ ਦੌਰਾਨ ਗੋਲੀਬਾਰੀ ਹੋ ਗਈ।
ਇਸ ਵਾਰਦਾਰ ਦੌਰਾਨ ਦੁਕਾਨਦਾਰ ਰਮਨ ਕੁਮਾਰ ਪੁੱਤਰ ਰਜਿੰਦਰ ਕੁਮਾਰ ਦੇ ਸੱਜੇ ਹੱਥ 'ਤੇ ਗੋਲੀ ਲੱਗੀ ਜਿਸ ਕਾਰਣ ਉਹ ਗੰਭੀਰ ਜ਼ਖ਼ਮੀ ਹੋ ਗਿਆ ਜਿਸ ਨੂੰ ਇਲਾਜ ਲਈ ਤੁਰੰਤ ਸਿਵਲ ਹਸਪਤਾਲ ਨਿਹਾਲ ਸਿੰਘ ਵਾਲਾ ਵਿਖੇ ਦਾਖਲ ਕਰਵਾਇਆ ਗਿਆ। ਦੂਜੇ ਪਾਸੇ ਵਾਰਦਾਤ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਵੀ ਮੌਕੇ 'ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।



