ਕੈਲੀਫੋਰਨੀਆ ਦੇ ਕਬ੍ਰਿਸਤਾਨ ਵਿਚ ਲਾਸ਼ਾਂ ਨੂੰ ਦਫ਼ਨਾਉਣ ਦੀ ਥਾਂ ਪੈਣ ਲੱਗੀ ਘੱਟ

by vikramsehajpal

ਵਾਸ਼ਿੰਗਟਨ (ਦੇਵ ਇੰਦਰਜੀਤ )- ਅਮਰੀਕਾ ਵਿਚ ਟੀਕਾਕਰਨ ਸ਼ੁਰੂ ਹੋਣ ਦੇ ਬਾਵਜੂਦ ਕੋਰੋਨਾ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਦੇਸ਼ ਵਿਚ ਕੋਰੋਨਾ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ ਜਿੱਥੇ ਦੋ ਕਰੋੜ ਤੋਂ ਜ਼ਿਆਦਾ ਹੋ ਗਈ ਹੈ ਉੱਥੇ ਮਹਾਮਾਰੀ ਨਾਲ ਜਾਨ ਗੁਆਉਣ ਵਾਲਿਆਂ ਦੀ ਗਿਣਤੀ 3.5 ਲੱਖ ਦੇ ਅੰਕੜੇ ਨੂੰ ਪਾਰ ਕਰ ਗਈ ਹੈ। ਸਿਰਫ਼ 19 ਦਿਨਾਂ ਵਿਚ 50 ਹਜ਼ਾਰ ਕੋਰੋਨਾ ਮਰੀਜ਼ਾਂ ਦੀ ਮੌਤ ਹੋਈ ਹੈ। 14 ਦਸੰਬਰ ਨੂੰ ਅਮਰੀਕਾ ਵਿਚ ਕੋਰੋਨਾ ਨਾਲ ਜਾਨ ਗੁਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਤਿੰਨ ਲੱਖ ਸੀ।

ਨਿਊਯਾਰਕ ਸੂਬੇ ਵਿਚ ਸਭ ਤੋਂ ਜ਼ਿਆਦਾ 38,273 ਲੋਕਾਂ ਦੀ ਮੌਤ ਹੋਈ ਹੈ। ਦੂਜੇ ਨੰਬਰ 'ਤੇ ਟੈਕਸਾਸ ਹੈ ਜਿੱਥੇ 28,338 ਲੋਕਾਂ ਦੀ ਜਾਨ ਗਈ ਹੈ। ਕੈਲੀਫੋਰਨੀਆ ਵਿਚ 26,542 ਅਤੇ ਫਲੋਰੀਡਾ ਵਿਚ 21,890 ਲੋਕਾਂ ਦੀ ਮੌਤ ਹੋਈ ਹੈ। ਮਹਾਮਾਰੀ ਨਾਲ ਅਮਰੀਕਾ ਦੇ ਜੋ ਹੋਰ ਸੂਬੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਹਨ ਉਨ੍ਹਾਂ ਵਿਚ ਨਿਊਜਰਸੀ, ਇਲੀਨੋਇਸ, ਪੈਨਸਿਲਵੇਨੀਆ, ਮਿਸ਼ੀਗਨ, ਮੈਸਾਚਿਊਸੈਟਸ ਅਤੇ ਜਾਰਜੀਆ ਸ਼ਾਮਲ ਹਨ। ਉਧਰ, ਅਮਰੀਕਾ ਵਿਚ ਮਹਾਮਾਰੀ ਦਾ ਆਲਮ ਇਹ ਹੈ ਕਿ ਕੈਲੀਫੋਰਨੀਆ ਵਿਚ ਕਬਰਿਸਤਾਨ ਵਿਚ ਲਾਸ਼ਾਂ ਨੂੰ ਦਫ਼ਨਾਉਣ ਦੀ ਥਾਂ ਘੱਟ ਪੈਣ ਲੱਗੀ ਹੈ।