ਕੈਬਨਿਟ ਫੇਰਬਦਲ ਨਾਲ ਨਵੀਂ ਪੀੜ੍ਹੀ ਕਰੇਗੀ ਦੇਸ਼ ਦਾ ਵਿਕਾਸ : ਨਰੇਂਦਰ ਮੋਦੀ

by vikramsehajpal

ਦਿੱਲੀ (ਦੇਵ ਇੰਦਰਜੀਤ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੈਬਨਿਟ ਫੇਰਬਦਲ ’ਚ ਜਿਨ੍ਹਾਂ ਦਰਜਨ ਭਰ ਮੰਤਰੀਆਂ ਨੂੰ ਬਾਹਰ ਦਾ ਰਾਹ ਦਿਖਾਇਆ ਹੈ, ਉਨ੍ਹਾਂ ਲਈ ਕੋਈ ਹੰਝੂ ਨਹੀਂ ਵਹਾ ਰਿਹਾ। ਇਨ੍ਹਾਂ ਮੰਤਰੀਆਂ ’ਚੋਂ ਥਾਵਰਚੰਦ ਗਹਿਲੋਤ ਨੂੰ ਕੁਝ ਪਰਿਵਾਰਕ ਪ੍ਰੇਸ਼ਾਨੀਆਂ ਸਨ, ਜਿਸ ਕਾਰਨ ਉਨ੍ਹਾਂ ਨੂੰ ਅਹੁਦੇ ਤੋਂ ਹਟਨਾ ਪਿਆ ਜਦਕਿ ਰਮੇਸ਼ ਪੋਖਰਿਆਲ ਨਿਸ਼ੰਕ ਨੂੰ ਕਈ ਕਾਰਨਾਂ ਕਾਰਨ ਹਟਾਉਣ ਦੀ ਪਹਿਲਾਂ ਤੋਂ ਹੀ ਤਿਆਰੀ ਕਰ ਲਈ ਗਈ ਸੀ। ਸੰਤੋਸ਼ ਗੰਗਵਾਰ ਨੂੰ ਉੱਤਰ ਪ੍ਰਦੇਸ਼ ’ਚ ਆਕਸੀਜਨ ਤੇ ਸਿਹਤ ਸਹੂਲਤਾਂ ਦੀ ਕਮੀ ਨੂੰ ਲੈ ਕੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਪੱਤਰ ਲਿਖਣਾ ਮਹਿੰਗਾ ਪਿਆ।

ਸਦਾਨੰਦ ਗੌੜਾ ਕਰਨਾਟਕ ’ਚ ਕੁਝ ਖਾਸ ਕਰਨ ਤੇ ਵੋਕਾਲਿੱਗਾ ਵੋਟਰਾਂ ਨੂੰ ਭਾਜਪਾ ਵੱਲ ਖਿੱਚਣ ’ਚ ਨਾਕਾਮ ਰਹੇ। 4 ਮੰਤਰਾਲਾ ਸੰਭਾਲਣ ਵਾਲੇ ਤੇ ਮੋਦੀ ਸਰਕਾਰ ਦੇ ਲਾਡਲੇ ਮੰਤਰੀ ਪ੍ਰਕਾਸ਼ ਜਾਵਡੇਕਰ ਸਦਮੇ ਤੋਂ ਅਜੇ ਉਭਰੇ ਨਹੀਂ ਹਨ। ਕਿਹਾ ਜਾ ਰਿਹਾ ਹੈ ਕਿ ਬਹੁਤ ਸਾਰੇ ਮੰਤਰੀਆਂ ਨੂੰ ਇਕ ਦਿਨ ਪਹਿਲਾਂ ਤੱਕ ਇਹ ਨਹੀਂ ਦੱਸਿਆ ਗਿਆ ਸੀ ਕਿ ਉਨ੍ਹਾਂ ਨੂੰ ਅਹੁਦੇ ਤੋਂ ਹਟਾਇਆ ਜਾ ਰਿਹਾ ਹੈ। ਰਵੀਸ਼ੰਕਰ ਪ੍ਰਸਾਦ ਜਿਸ ਤਰ੍ਹਾਂ ਹਟਾਏ ਗਏ, ਪਹਿਲਾਂ ਇਸ ਤਰ੍ਹਾਂ ਕਿਸੇ ਨੂੰ ਨਹੀਂ ਹਟਾਇਆ ਗਿਆ। ਰਵੀਸ਼ੰਕਰ ਨੇ ਰਾਮਲੱਲਾ ਲਈ ਸੁਪਰੀਮ ਕੋਰਟ ’ਚ ਮੁਕੱਦਮਾ ਲੜਿਆ, ਪਟਨਾ ’ਚ ਸ਼ਤਰੂਘਨ ਸਿਨਹਾ ਨੂੰ ਮਾਤ ਦਿੱਤੀ ਤੇ ਉਹ ਜਨਸੰਘ ਦੀ ਸਥਾਪਨਾ ਕਰਨ ਵਾਲਿਆਂ ’ਚੋਂ ਇਕ ਸਨ। ਉਨ੍ਹਾਂ ਨੂੰ ਯਕੀਨ ਨਹੀਂ ਹੋ ਰਿਹਾ ਕਿ ਉਨ੍ਹਾਂ ਨੂੰ ਕਿਵੇਂ ਹਟਾਇਆ ਜਾ ਸਕਦਾ ਹੈ।

ਉੱਧਰ ਭਾਜਪਾ ਪ੍ਰਧਾਨ ਜੇ. ਪੀ. ਨੱਡਾ ਵੀ ਰਵੀਸ਼ੰਕਰ ਦਾ ਜਨਰਲ ਸਕੱਤਰ ਦੇ ਰੂਪ ’ਚ ਕਿਵੇਂ ਇਸਤੇਮਾਲ ਕਰਨ, ਇਸ ਸੋਚ ’ਚ ਹਨ ਕਿਉਂਕਿ ਨੱਡਾ ਰਵੀਸ਼ੰਕਰ ਤੋਂ ਜੂਨੀਅਰ ਹਨ। ਇਸ ਮਾਮਲੇ ’ਚ ਜਾਣਕਾਰਾਂ ਦਾ ਕਹਿਣਾ ਹੈ ਕਿ ਨਰਿੰਦਰ ਮੋਦੀ ਨੇ ਨਵੀਂ ਪੀੜੀ ਨੂੰ ਅੱਗੇ ਵਧਾਇਆ ਹੈ, ਜੋ ਅਗਲੇ 2 ਦਹਾਕਿਆਂ ਤੱਕ ਜ਼ਿੰਮੇਵਾਰੀ ਸੰਭਾਲਣਗੇ। ਕਿਹਾ ਜਾ ਰਿਹਾ ਹੈ ਕਿ ਅਟਲ-ਅਡਵਾਨੀ ਯੁੱਗ ਦੇ ਬਾਕੀ ਬਚੇ ਸੀਨੀਅਰ ਨੇਤਾ ਵੀ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਨੁੱਕਰੇ ਲਾਏ ਜਾ ਸਕਦੇ ਹਨ। ਜਿਨ੍ਹਾਂ 5 ਵੱਡੇ ਮੰਤਰੀਆਂ ਨੂੰ ਹਟਾਇਆ ਗਿਆ, ਉਨ੍ਹਾਂ ਬਾਰੇ ਜਿੰਨਾ ਘੱਟ ਬੋਲਿਆ ਜਾਵੇ ਉਨ੍ਹਾਂ ਚੰਗਾ।