ਕੈਨੇਡਾ ਵਿੱਚ ਭਾਰਤੀ ਪੱਤਰਕਾਰਾਂ ਦੇ ਹੱਕ ’ਚ ਰੋਸ ਪ੍ਰਦਰਸ਼ਨ

by vikramsehajpal

ਸਰੀ (ਦੇਵ ਇੰਦਰਜੀਤ)- ਕੈਨੇਡੀਅਨ ਪੰਜਾਬੀ ਪ੍ਰੈੱਸ ਕਲੱਬ ਨੇ ਭਾਰਤ ਵਿਚ ਪੱਤਰਕਾਰਾਂ ਨਾਲ ਕੀਤੇ ਜਾ ਰਹੇ ਦੁਰਵਿਹਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਇੱਥੇ ਭਾਰਤੀ ਵੀਜ਼ਾ ਅਤੇ ਪਾਸਪੋਰਟ ਸੈਂਟਰ ਦੇ ਬਾਹਰ ਕੀਤੇ ਗਏ ਇਸ ਰੋਸ ਦਿਖਾਵੇ ਵਿੱਚ ਦੱਖਣੀ ਏਸ਼ੀਆ ਨਾਲ ਜੁੜੇ ਪੱਤਰਕਾਰਾਂ ਨੇ ਵਧ-ਚੜ੍ਹ ਕੇ ਹਿੱਸਾ ਲਿਆ ਅਤੇ ਕਿਹਾ ਕਿ ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤ ਵਿਚ ਪ੍ਰੈੱਸ ਦੀ ਆਵਾਜ਼ ਦਬਾਈ ਜਾ ਰਹੀ ਹੈ।

ਰੋਸ ਪ੍ਰਦਰਸ਼ਨ ਵਿੱਚ ਹਿੱਸਾ ਲੈਣ ਵਾਲਿਆਂ ਨੇ ਪੱਤਰਕਾਰਾਂ ਨਾਲ ਸ਼ਰੇਆਮ ਕੀਤੀਆਂ ਜਾ ਰਹੀਆਂ ਵਧੀਕੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਕਿਸਾਨਾਂ ਖ਼ਿਲਾਫ਼ ਝੂਠੀ ਜਾਣਕਾਰੀ ਫੈਲਾਉਣ ਲਈ ਦਰਬਾਰੀ ਮੀਡੀਆ ਦੀ ਨੁਕਤਾਚੀਨੀ ਕੀਤੀ। ਕਲੱਬ ਦੇ ਸਾਬਕਾ ਪ੍ਰਧਾਨ ਗੁਰਵਿੰਦਰ ਸਿੰਘ ਧਾਲੀਵਾਲ ਨੇ ਸਰਬਸੰਮਤੀ ਨਾਲ ਪਾਸ ਕੀਤੇ ਮਤੇ ਪੜ੍ਹ ਕੇ ਸੁਣਾਏ। ਇਨ੍ਹਾਂ ਮਤਿਆਂ ਵਿੱਚ ਮੰਗ ਕੀਤੀ ਗਈ ਕਿ ਗ੍ਰਿਫ਼ਤਾਰ ਕੀਤੇ ਗਏ ਪੱਤਰਕਾਰਾਂ ਨੂੰ ਬਿਨਾ ਸ਼ਰਤ ਰਿਹਾਅ ਕੀਤਾ ਜਾਵੇ ਅਤੇ ਉਨ੍ਹਾਂ ਖ਼ਿਲਾਫ਼ ਦਰਜ ਕੇਸ ਰੱਦ ਕੀਤੇ ਜਾਣ। ਇਸ ਦੇ ਨਾਲ ਹੀ ਕੈਨੇਡਾ ਸਰਕਾਰ ਤੇ ਸੰਯੁਕਤ ਰਾਸ਼ਟਰ ਤੋਂ ਇਸ ਮਾਮਲੇ ਵਿਚ ਦਖ਼ਲ ਦੇਣ ਦੀ ਮੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਸਿਆਸੀ ਵਿਰੋਧੀਆਂ ਅਤੇ ਪੱਤਰਕਾਰਾਂ ਨੂੰ ਢਾਹੁਣ ਵਾਲੇ ਕਾਲੇ ਕਾਨੂੰਨ ਤੁਰੰਤ ਮਨਸੂਖ਼ ਕਰਨ ਲਈ ਜ਼ੋਰ ਪਾਇਆ ਜਾਵੇ।

ਕਲੱਬ ਦੀ ਪ੍ਰਧਾਨ ਨਵਜੋਤ ਕੌਰ ਢਿੱਲੋਂ, ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਅਤੇ ਮੈਂਬਰਾਂ ਖੁਸ਼ਪਾਲ ਸਿੰਘ ਗਿੱਲ, ਹਰਕੀਰਤ ਸਿੰਘ ਕੁਲਾਰ, ਅਮਰਪਾਲ ਸਿੰਘ, ਪਰਮਿੰਦਰ ਕੌਰ ਸਵੈਚ, ਹਰਬੀਰ ਸਿੰਘ ਰਾਠੀ ਅਤੇ ਕੁਲਜਿੰਦਰ ਸਿੰਘ ਗਿੱਲ ਨੇ ਵੀ ਸੰਬੋਧਨ ਕੀਤਾ।

More News

NRI Post
..
NRI Post
..
NRI Post
..