ਓਟਵਾ (ਪਾਇਲ): ਕੈਨੇਡਾ ਦੀ ਐਡਮਿੰਟਨ ਪੁਲਿਸ ਨੇ ਜਬਰੀ ਵਸੂਲੀ ਤੇ ਗੋਲ਼ੀਬਾਰੀ ਦੇ ਦੋਸ਼ਾਂ ਹੇਠ 21 ਸਾਲਾ ਪੰਜਾਬੀ ਨੌਜਵਾਨ ਨੂੰ ਏਅਰਪੋਰਟ ਤੋਂ ਗ੍ਰਿਫ਼ਤਾਰ ਕੀਤਾ ਹੈ। ਇਸ ਨੌਜਵਾਨ ਦੀ ਪਛਾਣ ਅਰਜੁਨ ਵਜੋਂ ਕੀਤੀ ਗਈ ਹੈ, ਜੋ ਕਿ ਦਸੰਬਰ 2023 ਵਿਚ ਐਡਮਿੰਟਨ ’ਚ ਗੋਲ਼ੀਬਾਰੀ ਕਰਨ ਉਪਰੰਤ ਦੇਸ਼ ਛੱਡ ਕੇ ਭਾਰਤ ਭੱਜ ਗਿਆ ਸੀ ਪਰ ਉਸ ਨੂੰ ਦੁਬਾਰਾ ਕੈਨੇਡਾ ਪੁੱਜਣ ’ਤੇ ਐਡਮਿੰਟਨ ਏਅਰਪੋਰਟ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ।
ਪੁਲਿਸ ਅਧਿਕਾਰੀ ਡੈਰਨ ਗੋਰਡਨ ਮੁਤਾਬਕ, ਪੁਲਿਸ ਨੇ ਉਸ ਖ਼ਿਲਾਫ਼ ਗੋਲ਼ੀਬਾਰੀ ਕਰਨ ਤੇ ਹਥਿਆਰ ਰੱਖਣ ਦੇ ਦੋਸ਼ ਲਗਾਏ ਸਨ ਤੇ ਉਸ ਦੀ ਗ੍ਰਿਫ਼ਤਾਰੀ ਲਈ ਵਾਰੰਟ ਜਾਰੀ ਕੀਤੇ ਹੋਏ ਸਨ। ਪੁਲਿਸ ਦਾ ਦੋਸ਼ ਹੈ ਕਿ ਉਸ ਨੇ ਦਸੰਬਰ 2023 ਦੇ ਅਖ਼ੀਰ ਵਿਚ ਐਡਮਿੰਟਨ, ਸ਼ੇਰਵੁੱਡ ਪਾਰਕ ਤੇ ਵਿਨੀਪੈਗ ’ਚ ਤਿੰਨ ਗੋਲ਼ੀਬਾਰੀ ਦੀਆਂ ਕਾਰਵਾਈਆਂ ਕੀਤੀਆਂ। ਇਸ ਤੋਂ ਬਾਅਦ ਉਹ ਫਰਾਰ ਹੋ ਗਿਆ ਸੀ। ਇਸ ਗ੍ਰਿਫ਼ਤਾਰੀ ਦੇ ਨਾਲ ਹੀ ਪੁਲਿਸ ਨੇ ਗੋਲ਼ੀਬਾਰੀ ਤੇ ਫਿਰੌਤੀਆਂ ਦੀਆਂ ਵਾਰਦਾਤਾਂ ਨਾਲ ਸਬੰਧਤ ਹੁਣ ਤੱਕ ਅੱਠ ਸ਼ੱਕੀਆਂ ’ਚੋਂ ਸੱਤ ਸ਼ੱਕੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।



