ਕੈਨੇਡਾ : ਪੰਜਾਬੀ ਮੂਲ ਦੇ 3 ਵਿਅਕਤੀ ਮਨੁੱਖੀ ਸਮਗਲਿੰਗ ਦੇ ਦੋਸ਼ ‘ਚ ਗ੍ਰਿਫਤਾਰ

by vikramsehajpal

ਓਟਾਵਾ (ਦੇਵ ਇੰਦਰਜੀਤ) : ਇੱਕ ਨਾਬਾਲਗ ਲੜਕੀ ਨੂੰ ਸਮਗਲ ਕਰਨ ਦੀ ਕੋਸਿ਼ਸ਼ ਕਰਨ ਵਾਲੇ ਬਰੈਂਪਟਨ ਦੇ ਤਿੰਨ ਵਿਅਕਤੀਆਂ ਨੂੰ ਪੀਲ ਰੀਜਨਲ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਤੇ ਪੁਲਿਸ ਚੌਥੇ ਮਸ਼ਕੂਕ ਦੀ ਭਾਲ ਕਰ ਰਹੀ ਹੈ।

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ 21 ਅਗਸਤ ਨੂੰ ਉਨ੍ਹਾਂ ਨੂੰ ਖਬਰ ਮਿਲੀ ਕਿ ਇੱਕ 18 ਸਾਲ ਤੋਂ ਘੱਟ ਉਮਰ ਦੀ ਲੜਕੀ ਨੂੰ ਉਸ ਦੀ ਇੱਛਾ ਦੇ ਖਿਲਾਫ ਕੁੱਝ ਵਿਅਕਤੀਆਂ ਵੱਲੋਂ ਫੜ੍ਹ ਕੇ ਰੱਖਿਆ ਗਿਆ ਹੈ ਤੇ ਉਸ ਉੱਤੇ ਕਈ ਵਾਰੀ ਹਿੰਸਕ ਹਮਲੇ ਹੋ ਚੁੱਕੇ ਹਨ ਤੇ ਉਸ ਨੂੰ ਦੇਹ ਵਪਾਰ ਲਈ ਵੀ ਕਈ ਵਾਰੀ ਮਜਬੂਰ ਕੀਤਾ ਜਾ ਚੁੱਕਿਆ ਹੈ।
ਇਸ ਲੜਕੀ ਨੂੰ ਗੰਭੀਰ ਜ਼ਖ਼ਮੀ ਹਾਲਤ ਵਿੱਚ ਲੋਕਲ ਹਸਪਤਾਲ ਲਿਜਾਇਆ ਗਿਆ। ਉਸੇ ਦਿਨ ਪੁਲਿਸ ਨੇ ਬਰੈਂਪਟਨ ਦੇ ਤਿੰਨ ਵਿਅਕਤੀਆਂ ਨੂੰ ਬੋਵੇਅਰਡ ਡਰਾਈਵ ਵੈਸਟ ਤੇ ਕ੍ਰੈਡਿਟਵਿਊ ਰੋਡ ਇਲਾਕੇ ਤੋਂ ਗ੍ਰਿਫਤਾਰ ਕਰ ਲਿਆ।

ਇਸ ਮਾਮਲੇ ਵਿੱਚ 23 ਸਾਲਾ ਅੰਮ੍ਰਿਤਪਾਲ ਸਿੰਘ, 22 ਸਾਲਾ ਹਰਕੁਵਰ ਸਿੰਘ ਉੱਤੇ 18 ਸਾਲ ਤੋਂ ਘੱਟ ਉਮਰ ਦੀ ਲੜਕੀ ਤੋਂ ਜ਼ਬਰਦਸਤੀ ਦੇਹ ਵਪਾਰ ਕਰਵਾਉਣ, ਉਸ ਨੂੰ ਜ਼ਬਰਦਸਤੀ ਬੰਧੀ ਬਣਾ ਕੇ ਰੱਖਣ ਤੇ ਉਸ ਉੱਤੇ ਹਮਲਾ ਕਰਨ ਦੇ ਅੱਠ ਚਾਰਜਿਜ਼ ਲਾਏ ਗਏ ਹਨ। 23 ਸਾਲਾ ਸੁਖਮਨਪ੍ਰੀਤ ਸਿੰਘ ਨੂੰ ਵੀ ਲੜਕੀ ਨੂੰ ਜ਼ਬਰਦਸਤੀ ਬੰਧੀ ਬਣਾਉਣ ਤੇ ਉਸ ਉੱਤੇ ਹਮਲਾ ਕਰਨ ਦੇ ਮਾਮਲੇ ਵਿੱਚ ਚਾਰਜ ਕੀਤਾ ਗਿਆ ਹੈ।

ਇਨ੍ਹਾਂ ਤਿੰਨਾਂ ਵਿਅਕਤੀਆਂ ਦੀ ਜ਼ਮਾਨਤ ਦੀ ਸੁਣਵਾਈ ਹੋਣੀ ਹੈ ਤੇ ਤਿੰਨਾਂ ਨੂੰ 22 ਅਗਸਤ ਨੂੰ ਅਦਾਲਤ ਸਾਹਮਣੇ ਪੇਸ਼ ਕੀਤਾ ਜਾ ਚੁੱਕਿਆ ਹੈ। ਪੁਲਿਸ ਚੌਥੇ ਮਸ਼ਕੂਕ ਦੀ ਭਾਲ ਕਰ ਰਹੀ ਹੈ, ਜਿਸ ਦੀ ਪਛਾਣ ਅਜੇ ਤੱਕ ਜਾਹਿਰ ਨਹੀਂ ਹੋਈ ਹੈ। ਪੁਲਿਸ ਵੱਲੋਂ ਦਿੱਤੇ ਗਏ ਵੇਰਵੇ ਅਨੁਸਾਰ ਇਹ ਮਸ਼ਕੂਕ ਸਾਊਥ ਏਸ਼ੀਅਨ ਮੂਲ ਦਾ, ਛੇ ਫੁੱਟ ਲੰਮਾਂ, 200 ਪਾਊਂਡ ਵਜ਼ਨੀ ਵਿਅਕਤੀ ਹੈ, ਜਿਸ ਦੇ ਨਿੱਕੇ ਕਾਲੇ ਵਾਲ ਤੇ ਕਾਲੀ ਦਾੜ੍ਹੀ ਹੈ। ਇਸ ਸਬੰਧ ਵਿੱਚ ਜਾਣਕਾਰੀ ਰੱਖਣ ਵਾਲਿਆਂ ਨੂੰ ਪੁਲਿਸ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਗਈ ਹੈ।