ਕੈਨੇਡਾ – ਨਹੀਂ ਹੋਣਗੇ ਸਰਹੱਦੀ ਲਾਂਘੇ ਬੰਦ, ਫੈਡਰਲ ਸਰਕਾਰ ਨਾਲ ਹੋਇਆ ਸਮਝੌਤਾ

by vikramsehajpal

ਓਂਟਾਰੀਓ (ਰਾਘਵ) : ਕੈਨੇਡਾ 'ਚ ਸਰਹੱਦੀ ਲਾਂਘੇ ਦੇ ਬੰਦ ਹੋਣ ਦਾ ਖਦਸ਼ਾ ਪੱਕੇ ਤੌਰ ’ਤੇ ਟਲ ਚੁੱਕਾ ਹੈ। ਪਬਲਿਕ ਸਰਵਿਸ ਅਲਾਇੰਸ ਆਫ ਕੈਨੇਡਾ ਨੇ ਕਿਹਾ ਕਿ ਲਗਾਤਾਰ ਯਤਨ ਮਗਰੋਂ ਆਖਰਕਾਰ ਦੋਵੇਂ ਧਿਰਾਂ ਸਮਝੌਤੇ ’ਤੇ ਸਹਿਮਤ ਹੋ ਗਈਆਂ। ਕੋਈ ਸਮਝੌਤਾ ਨਾ ਹੋਣ ਦੀ ਸੂਰਤ ਵਿਚ ਬਾਰਡਰ ਮੁਲਾਜ਼ਮਾਂ ਦੀ ਯੂਨੀਅਨ ਵੱਲੋਂ ਸ਼ੁੱਕਰਵਾਰ ਤੋਂ ਹੜਤਾਲ ’ਤੇ ਜਾਣ ਦਾ ਐਲਾਨ ਕੀਤਾ ਗਿਆ ਸੀ। ਦਸਣਯੋਗ ਹੈ ਕਿ ਯੂਨੀਅਨ ਦੇ ਕੌਮੀ ਪ੍ਰਧਾਨ ਸ਼ੈਰਨ ਡੀਸੂਜ਼ਾ ਨੇ ਤਾਜ਼ਾ ਘਟਨਾਕ੍ਰਮ ਨੂੰ ਮੁਲਾਜ਼ਮਾਂ ਦੀ ਵੱਡੀ ਜਿੱਤ ਕਰਾਰ ਦਿਤਾ। ਯੂਨੀਅਨ ਵੱਲੋਂ ਫੈਡਰਲ ਸਰਕਾਰ ਨਾਲ ਹੋਏ ਸਮਝੌਤੇ ਦੇ ਵੇਰਵੇ ਬਾਅਦ ਵਿਚ ਜਨਤਕ ਕੀਤੇ ਜਾਣਗੇ। ਉਧਰ ਕੈਨੇਡਾ ਦੇ ਖ਼ਜ਼ਾਨਾ ਬੋਰਡ ਨੇ ਕਿਹਾ ਕਿ ਕਈ ਘੰਟੇ ਤੱਕ ਹੋਈ ਗੱਲਬਾਤ ਮਗਰੋਂ ਮੁਲਾਜ਼ਮਾਂ ਲਈ ਵਾਜਬ ਸਮਝੌਤੇ ਦਾ ਰਾਹ ਪੱਧਰਾ ਹੋ ਗਿਆ।

ਸਮਝੌਤੇ ਵਿਚ ਤਨਖਾਹਾਂ ਵਧਾਉਣ ਸਣੇ ਹੋਰ ਕਈ ਸ਼ਰਤਾਂ ਪ੍ਰਵਾਨ ਕੀਤੀਆਂ ਗਈਆਂ ਹਨ, ਜਿਨ੍ਹਾਂ ਬਾਰੇ ਫਿਲਹਾਲ ਦੱਸਣਾ ਸੰਭਵ ਨਹੀਂ। ਇੱਥੇ ਦੱਸ ਦਈਏ ਕਿ ਤਿੰਨ ਸਾਲ ਪਹਿਲਾਂ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਮੁਲਾਜ਼ਮਾਂ ਦੀ ਹੜਤਾਲ ਨੇ ਟਰੱਕਾਂ ਦੀ ਆਵਾਜਾਈ ਤਕਰੀਬਨ ਠੱਪ ਕਰ ਦਿਤੀ ਸੀ ਅਤੇ ਆਮ ਲੋਕਾਂ ਨੂੰ ਵੀ ਬਾਰਡਰ ਪਾਰ ਕਰਨ ਲੀ ਕਈ ਕਈ ਘੰਟੇ ਉਡੀਕ ਕਰਨੀ ਪਈ। ਇਸ ਵਾਰ ਵੀ ਕੈਨੇਡਾ ਅਤੇ ਅਮਰੀਕਾ ਦੋਹਾਂ ਮੁਲਕਾਂ ਦੇ ਸਰਹੱਦੀ ਸ਼ਹਿਰ ਦੇ ਮੇਅਰ ਹੜਤਾਲ ਦੇ ਆਸਾਰ ਤੋਂ ਚਿੰਤਤ ਨਜ਼ਰ ਆ ਰਹੇ ਸਨ ਜੋ ਹੁਣ ਰਾਹਤ ਮਹਿਸੂਸ ਕਰ ਰਹੇ ਸਨ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਕਿਹਾ ਸੀ ਕਿ ਸੰਭਾਵਤ ਹੜਤਾਲ ਦੇ ਕੈਨੇਡੀਅਨ ਅਰਥਚਾਰੇ 'ਤੇ ਪੈਣ ਵਾਲੇ ਅਸਰਾਂ ਵੱਲ ਧਿਆਨ ਕੇਂਦਰਤ ਕੀਤਾ ਗਿਆ ਹੈ ਅਤੇ ਗੱਲਬਾਤ ਦੀ ਮੇਜ਼ ’ਤੇ ਹਰ ਮਸਲਾ ਸੁਲਝਾਉਣ ਦੇ ਯਤਨ ਕੀਤੇ ਜਾਣਗੇ। ਦੂਜੇ ਪਾਸੇ ਕੈਨੇਡਾ ਅਤੇ ਅਮਰੀਕਾ ਦੇ ਸਰਹੱਦੀ ਸ਼ਹਿਰਾਂ ਦੇ ਮੇਅਰ ਵੀ ਹੜਤਾਲ ਨਹੀਂ ਚਾਹੁੰਦੇ ਅਤੇ ਹਾਲਾਤ ’ਤੇ ਲਗਾਤਾਰ ਨਜ਼ਰ ਰੱਖ ਰਹੇ ਹਨ।