ਕੈਨੇਡਾ: ਪੈਸੀਫਿਕ ਲਿੰਕ ਕਾਲਜ ਦੀ ਮਾਨਤਾ ਰੱਦ, ਵਿਦਿਆਰਥੀਆਂ ਨੂੰ ਗੁਮਰਾਹ ਕਰਨ ‘ਤੇ ਸਖ਼ਤ ਕਦਮ

by nripost

ਵਿਨੀਪੈੱਗ (ਪਾਇਲ): ਕੈਨੇਡਾ ਵਿਚ ਸੂਬਾ ਸਰਕਾਰ ਨੇ ਪੈਸੀਫਿਕ ਲਿੰਕ ਕਾਲਜ (PLC) ਨੂੰ ਆਪਣੇ ਪ੍ਰੋਗਰਾਮਾਂ ਅਤੇ ਵਰਕ ਪਲੇਸਮੈਂਟ ਬਾਰੇ ਕੌਮਾਂਤਰੀ ਵਿਦਿਆਰਥੀਆਂ ਨੂੰ ਗੁਮਰਾਹ ਕਰਨ ਤੋਂ ਬਾਅਦ ਉਸ ਦੀ ਫ਼ੁਲ-ਟਾਈਮ ਕੋਰਸ ਚਲਾਉਣ ਦੀ ਮਾਨਤਾ ਰੱਦ ਕਰ ਦਿੱਤੀ ਅਤੇ ਇਸ ਫੈਸਲੇ ਨਾਲ ਕਾਲਜ ਪ੍ਰਭਾਵੀ ਰੂਪ ਵਿੱਚ ਬੰਦ ਹੋ ਗਿਆ।

ਇਕ ਜਾਂਚ ਵਿਚ ਇਹ ਪਾਇਆ ਹੈ ਕਿ ਇਸ ਅਦਾਰੇ ਨੇ ਕੌਮਾਂਤਰੀ ਵਿਦਿਆਰਥੀਆਂ ਨੂੰ ਆਪਣੇ ਕੋਰਸਾਂ ਅਤੇ ਨੌਕਰੀ ਲਈ ਪਲੇਸਮੈਂਟ ਬਾਰੇ ਗੁਮਰਾਹ ਕੀਤਾ ਸੀ। ਬੀ ਸੀ ਵਿੱਚ ਕਿਸੇ ਵੀ ਕਾਲਜ ਲਈ ਫ਼ੁਲ-ਟਾਈਮ ਕੋਰਸ ਚਲਾਉਣ ਅਤੇ ਘੱਟੋ-ਘੱਟ 4,000 ਡਾਲਰ ਫ਼ੀਸ ਲੈਣ ਦੇ ਯੋਗ ਹੋਣ ਲਈ ਇਹ ਮਾਨਤਾ ਜ਼ਰੂਰੀ ਹੁੰਦੀ ਹੈ। PLC ਕਾਲਜ ਦੀ ਸਥਾਪਨਾ 2011 ਵਿੱਚ ਹੋਈ ਸੀਤੇ ਇਸ ਦੇ ਦਫ਼ਤਰ ਸਰੀ ਅਤੇ ਬਰਨਬੀ ਵਿੱਚ ਸਨ।ਕਾਲਜ ਦੇ ਬੰਦ ਹੋਣ ਤੋਂ ਬਾਅਦ ਸੈਂਕੜੇ ਵਿਦਿਆਰਥੀ ਹੁਣ ਸੰਘਰਸ਼ ਕਰ ਰਹੇ ਹਨ।

ਸਤੰਬਰ ਵਿੱਚ ਕਈ ਵਿਦਿਆਰਥੀਆਂ ਨੇ ਦੋਸ਼ ਲਗਾਇਆ ਸੀ ਕਿ ਕਾਲਜ ਨੇ ਉਨ੍ਹਾਂ ਨੂੰ ਕੋਰਸ ਦੇ ਕਰੈਡਿਟ ਲਈ ਇੱਕ ਸਿਆਸੀ ਮੁਹਿੰਮ ਵਿੱਚ ਹਿੱਸਾ ਲੈਣ ਲਈ ਮਜਬੂਰ ਕੀਤਾ ਸੀ। ਵਿਦਿਆਰਥੀ ਅਧਿਕਾਰਾਂ ਲਈ ਕੰਮ ਕਰਨ ਵਾਲੇ ਗਰੁੱਪ ‘ਵਨ ਵੌਇਸ ਕੈਨੇਡਾ’ ਦੇ ਸਹਿ-ਸੰਸਥਾਪਕ ਬਲਰਾਜ ਕਾਹਲੋਂ ਨੇ ਕਿਹਾ ਕਿ ਵਿਦਿਆਰਥੀਆਂ ਵਿੱਚ ਅਜੇ ਵੀ ਕਾਫ਼ੀ ਗ਼ੁੱਸਾ ਅਤੇ ਨਿਰਾਸ਼ਾ ਹੈ, ਕਿਉਂਕਿ ਉਨ੍ਹਾਂ ਨੇ ਪੈਸੀਫਿਕ ਲਿੰਕ ਕਾਲਜ ਵਿੱਚ ਆਪਣਾ ਕਾਫ਼ੀ ਸਮਾਂ ਅਤੇ ਪੈਸਾ ਬਰਬਾਦ ਕੀਤਾ। ਉਨ੍ਹਾਂ ਦੱਸਿਆ ਕਿ ਕੁਝ ਵਿਦਿਆਰਥੀ ਇੱਕ ਤੋਂ ਦੋ ਸਾਲ ਤੱਕ ਉੱਥੇ ਪੜ੍ਹਦੇ ਰਹੇ ਅਤੇ 10,000 ਤੋਂ 15,000 ਡਾਲਰ ਤੱਕ ਫ਼ੀਸ ਭਰੀ।

ਕਾਲਜ ਬੰਦ ਹੋਣ ਵੇਲੇ PLC ਵਿੱਚ ਪੜ੍ਹ ਰਹੇ ਸੈਂਕੜੇ ਵਿਦਿਆਰਥੀਆਂ ਨੂੰ ਸੂਬਾ ਸਰਕਾਰ ਵੱਲੋਂ ਫ਼ੀਸ ਵਾਪਸੀ ਲਈ ਅਰਜ਼ੀ ਦੇਣ ਦੀ ਸਲਾਹ ਦਿੱਤੀ ਗਈ ਹੈ। ਸੂਬੇ ਦੇ ਉੱਚ ਸਿੱਖਿਆ ਮੰਤਰਾਲੇ ਦੇ ਅਨੁਸਾਰ ਪਹਿਲਾਂ ਗ੍ਰੈਜੁਏਟ ਹੋ ਚੁੱਕੇ ਵਿਦਿਆਰਥੀ ਵੀ ਯੋਗ ਹੋ ਸਕਦੇ ਹਨ ਅਤੇ ਮੰਨਦੇ ਹਨ ਕਿ ਉਨ੍ਹਾਂ ਨਾਲ ਧੋਖਾ ਹੋਇਆ ਹੈ। ਵਿਦਿਆਰਥੀਆਂ ਨੂੰ ਹੋਰ ਸਕੂਲਾਂ ਵਿੱਚ ਦਾਖ਼ਲਾ ਲੈਣ ਲਈ ਵੀ ਕਿਹਾ ਗਿਆ ਹੈ।

ਬਲਰਾਜ ਕਾਹਲੋਂ ਨੇ ਕਿਹਾ ਕਿ ਹੋ ਸਕਦਾ ਹੈ ਕੁਝ ਵਿਦਿਆਰਥੀਆਂ ਨੂੰ ਫ਼ੀਸ ਵਾਪਸ ਮਿਲ ਜਾਵੇ, ਪਰ ਉਹ ਆਪਣਾ ਲਗਾਇਆ ਸਮਾਂ, ਕੈਨੇਡਾ ਆਉਣ ਦਾ ਖਰਚਾ ਅਤੇ ਇੱਥੇ ਰਹਿਣ ਦਾ ਖਰਚਾ ਵਾਪਸ ਨਹੀਂ ਲੈ ਸਕਦੇ। ਵਿਦਿਆਰਥੀਆਂ ਨੇ ਦੋਸ਼ ਲਾਇਆ ਕਿ ਸਕੂਲ ਵੱਲੋਂ ਉਨ੍ਹਾਂ ਨਾਲ ਬਦਸਲੂਕੀ ਅਤੇ ਦਬਾਅ ਬਣਾਉਣ ਵਾਲਾ ਰਵੱਈਆ ਅਪਣਾਇਆ ਗਿਆ, ਜਿਸ ਵਿੱਚ ਗ਼ੈਰਹਾਜ਼ਰੀ ਦੇ ਮਾਮਲੇ ਵਿੱਚ ਇਮੀਗ੍ਰੇਸ਼ਨ ਵਿਭਾਗ ਨੂੰ ਸੂਚਨਾ ਦੇਣ ਦੀਆਂ ਧਮਕੀਆਂ ਵੀ ਸ਼ਾਮਲ ਸਨ।

ਕਾਲਜ ਦੇ ਪ੍ਰਬੰਧਕਾਂ ਨਾਲ ਸੰਪਰਕ ਕਰਨ ਦੀ ਕੋਸ਼ਸ਼ ਕੀਤੀ, ਪਰ ਤੁਰੰਤ ਕੋਈ ਜਵਾਬ ਨਹੀਂ ਮਿਲਿਆ। ਇਸ ਤੋਂ ਇਲਾਵਾ ਸੂਬਾਈ ਜਾਂਚ ਵਿੱਚ ਕਾਲਜ ਵੱਲੋਂ ਕਈ ਨਿਯਮਾਂ ਦੀ ਉਲੰਘਣਾ ਸਾਹਮਣੇ ਆਈਆਂ ਹਨ । ਜਿਵੇਂ ਕਿ ਵਿਦਿਆਰਥੀਆਂ ਨੂੰ ਦਿੱਤੀਆਂ ਜਾ ਰਹੀਆਂ ਵਰਕ ਪਲੇਸਮੈਂਟ ਕੋਰਸ ਦੇ ਸਿਖਲਾਈ ਉਦੇਸ਼ਾਂ ਨਾਲ ਮੇਲ ਨਹੀਂ ਖਾਂਦੀਆਂ ਸਨ ਅਤੇ ਕਈ ਵਿਦਿਆਰਥੀਆਂ ਨੂੰ ਦਾਖ਼ਲੇ ਦੀਆਂ ਸ਼ਰਤਾਂ ਪੂਰੀਆਂ ਕੀਤੇ ਬਿਨਾਂ ਹੀ ਰਜਿਸਟਰ ਕਰ ਲਿਆ ਗਿਆ ਸੀ।

ਸਿਆਸੀ ਮੁਹਿੰਮ ਮਾਮਲੇ ਵਿੱਚ ਵਿਦਿਆਰਥੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਦਸੰਬਰ 2024 ਦੀ ਜ਼ਿਮਨੀ ਚੋਣ ਤੋਂ ਪਹਿਲਾਂ ਦੋ ਹਫ਼ਤਿਆਂ ਲਈ ਕੰਜ਼ਰਵੇਟਿਵ ਉਮੀਦਵਾਰ ਤਮਾਰਾ ਜੈਨਸਨ ਦੀ ਚੋਣ ਮੁਹਿੰਮ ਵਿੱਚ ਕੰਮ ਕਰਨ ਲਈ ਕਿਹਾ ਗਿਆ। ਉਨ੍ਹਾਂ ਦੇ ਅਨੁਸਾਰ ਘਰ-ਘਰ ਜਾ ਕੇ ਪ੍ਰਚਾਰ ਕਰਨਾ ਕੋਰਸ ਦਾ ਲਾਜ਼ਮੀ ਹਿੱਸਾ ਬਣਾਇਆ ਗਿਆ ਸੀ ਅਤੇ ਹਾਜ਼ਰੀ ਸਾਬਤ ਕਰਨ ਲਈ ਫ਼ੋਟੋਆਂ ਸਕੂਲ ਪ੍ਰਸ਼ਾਸਨ ਨੂੰ ਭੇਜਣੀਆਂ ਪੈਂਦੀਆਂ ਸਨ। ਵਿਦਿਆਰਥੀਆਂ ਨੂੰ ਭੇਜੀ ਇੱਕ ਈਮੇਲ ਵਿੱਚ ਕੈਂਪਸ ਡਾਇਰੈਕਟਰ ਨੇ ਇਸ ਵਲੰਟੀਅਰ ਕੰਮ ਨੂੰ ਡਿਜੀਟਲ ਮੀਡੀਆ ਕੋਰਸ ਦਾ ਲਾਜ਼ਮੀ ਹਿੱਸਾ ਦੱਸਿਆ ਸੀ ਅਤੇ ਇਹ ਵੀ ਕਿਹਾ ਸੀ ਕਿ ਇਸ ਨਾਲ ਵਿਦਿਆਰਥੀਆਂ ਨੂੰ ਪੀ ਆਰ ਮਿਲਣ ਵਿੱਚ ਮਦਦ ਹੋ ਸਕਦੀ ਹੈ।

ਉਧਰ ਪੀ ਸੀ ਪਾਰਟੀ ਦੀ ਤਮਾਰਾ ਜੈਨਸਨ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਸੀ ਕਿ ਕਾਲਜ ਵਿਦਿਆਰਥੀਆਂ ਨੂੰ ਪ੍ਰਚਾਰ ਦੇ ਕੰਮ 'ਤੇ ਲਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਕਾਲਜ ਨਾਲ ਕੋਈ ਲੈਣਾ-ਦੇਣਾ ਨਹੀਂ। ਸਕੂਲ ਪ੍ਰਸ਼ਾਸਨ ਨੇ ਵੀ ਕਿਹਾ ਸੀ ਕਿ ਇਹ ਮੁਹਿੰਮ ਲਾਜ਼ਮੀ ਨਹੀਂ ਸੀ ਅਤੇ ਕਾਲਜ ਸਿਆਸੀ ਤੌਰ ’ਤੇ ਨਿਰਪੱਖ ਹੈ।

ਕਾਲਜ ਦੇ ਬੰਦ ਹੋਣ ਨਾਲ ਸਟੱਡੀ ਪਰਮਿਟ ‘ਤੇ ਪੜ੍ਹ ਰਹੇ ਵਿਦਿਆਰਥੀਆਂ ਦੀ ਵੀਜ਼ਾ ਸਥਿਤੀ ਪ੍ਰਭਾਵਿਤ ਹੋ ਸਕਦੀ ਹੈ ਅਤੇ ਉਨ੍ਹਾਂ ਨੂੰ ਆਸ ਹੈ ਕਿ ਜੇ ਇਹ ਵਿਦਿਆਰਥੀ ਹੋਰ ਅਦਾਰਿਆਂ ਵਿੱਚ ਦਾਖ਼ਲਾ ਲੈਂਦੇ ਹਨ ਤਾਂ ਇਮੀਗ੍ਰੇਸ਼ਨ ਵਿਭਾਗ ਉਨ੍ਹਾਂ ਦੇ ਪਰਮਿਟ ਰੀਨਿਊ ਕਰਨ ਨੂੰ ਤਰਜੀਹ ਦੇਵੇਗਾ।ਪੈਸੀਫਿਕ ਲਿੰਕ ਕਾਲਜ ਦੇ ਬੰਦ ਹੋਣ ਤੋਂ ਬਾਅਦ ਲਗਭਗ 300 ਵਿਦਿਆਰਥੀ ਹੁਣ ਨਵੇਂ ਅਦਾਰਿਆਂ ਦੀ ਭਾਲ ਕਰ ਰਹੇ।