ਅਫਗਾਨਿਸਤਾਨ ਵਿੱਚ ਕੈਨੇਡਾ ਨੇ ਆਪਣੀ ਅੰਬੈਸੀ ਕੀਤੀ ਬੰਦ

by vikramsehajpal

ਓਟਾਵਾ (ਦੇਵ ਇੰਦਰਜੀਤ) : ਤਾਲਿਬਾਨ ਵੱਲੋਂ ਤੇਜ਼ੀ ਨਾਲ ਕਾਬੁਲ ਤੱਕ ਕਬਜਾ ਕਰਨ ਤੋਂ ਬਾਅਦ ਕੈਨੇਡਾ ਨੇ ਅਫਗਾਨਿਸਤਾਨ ਦੀ ਰਾਜਧਾਨੀ ਸਥਿਤ ਅੰਬੈਸੀ ਬੰਦ ਕਰ ਦਿੱਤੀ ਹੈ। ਇਸ ਦੇ ਨਾਲ ਹੀ ਕੈਨੇਡਾ ਨੇ ਅਫਗਾਨਿਸਤਾਨ ਨਾਲ ਆਪਣੇ ਡਿਪਲੋਮੈਟਿਕ ਸਬੰਧ ਵੀ ਸਸਪੈਂਡ ਕਰ ਦਿੱਤੇ ਹਨ। ਅਫਗਾਨਿਸਤਾਨ ਵਿੱਚ ਅਫਰਾ ਤਫਰੀ ਵਾਲੇ ਮਾਹੌਲ ਵਿੱਚ ਇੱਥੇ ਕੰਮ ਕਰਨ ਵਾਲੇ ਕੈਨੇਡੀਅਨਜ਼ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਜਲਦ ਤੋਂ ਜਲਦ ਬਾਹਰ ਕੱਢਣ ਦੀ ਕੋਸਿ਼ਸ਼ ਵੀ ਕੀਤੀ ਜਾ ਰਹੀ ਹੈ।

ਫੈਡਰਲ ਸਰਕਾਰ ਨੇ ਆਖਿਆ ਕਿ ਅਫਗਾਨਿਸਤਾਨ ਵਿਚਲੇ ਹਾਲਾਤ ਕਾਫੀ ਨਾਸਾਜ਼ ਹੋ ਚੁੱਕੇ ਹਨ ਤੇ ਅਜਿਹੇ ਅਸੁਰੱਖਿਅਤ ਮਾਹੌਲ ਵਿੱਚ ਕੈਨੇਡੀਅਨਜ਼ ਦੀ ਸੇਫਟੀ ਤੇ ਸਕਿਊਰਿਟੀ ਯਕੀਨੀ ਬਣਾਉਣਾ ਸੰਭਵ ਨਹੀਂ ਹੈ।ਵਿਦੇਸ਼ ਮੰਤਰੀ, ਇਮੀਗੇ੍ਰਸ਼ਨ ਮੰਤਰੀ ਤੇ ਰੱਖਿਆ ਮੰਤਰੀ ਨੇ ਇੱਕ ਸਾਂਝੇ ਬਿਆਨ ਵਿੱਚ ਆਖਿਆ ਕਿ ਅਫਗਾਨਿਸਤਾਨ ਵਿੱਚ ਹਾਲਾਤ ਨੂੰ ਵੇਖਦਿਆਂ ਹੋਇਆਂ ਤੇ ਉੱਥੇ ਸਥਿਤ ਕੈਨੇਡਾ ਦੇ ਅੰਬੈਸਡਰ ਨਾਲ ਗੱਲਬਾਤ ਕਰਨ ਤੋਂ ਬਾਅਦ ਕਾਬੁਲ ਵਿੱਚ ਡਿਪਲੋਮੈਟਿਕ ਆਪਰੇਸ਼ਨ ਆਰਜ਼ੀ ਤੌਰ ਉੱਤੇ ਸਸਪੈਂਡ ਕਰ ਦਿੱਤੇ ਗਏ ਹਨ।

ਮੰਤਰੀਆਂ ਨੇ ਆਖਿਆ ਕਿ ਕੈਨੇਡੀਅਨ ਕਰਮਚਾਰੀਆਂ ਦੀ ਸੇਫਟੀ ਸਾਡੀ ਮੁੱਖ ਤਰਜੀਹ ਹੈ।ਇਹ ਵੀ ਆਖਿਆ ਗਿਆ ਕਿ ਜਿਵੇਂ ਹੀ ਅਫਗਾਨਿਸਤਾਨ ਵਿਚਲੇ ਹਾਲਾਤ ਠੀਕ ਹੋ ਜਾਣਗੇ ਕੈਨੇਡੀਅਨ ਅੰਬੈਸੀ ਆਪਣਾ ਕੰਮਕਾਜ ਸ਼ੁਰੂ ਕਰ ਲਵੇਗੀ। ਇੱਥੇ ਦੱਸਣਾ ਬਣਦਾ ਹੈ ਕਿ ਤਾਲਿਬਾਲ ਨੇ ਲੱਗਭਗ ਸਾਰੇ ਅਫਗਾਨਿਸਤਾਨ ਉੱਤੇ ਇੱਕ ਹਫਤੇ ਦੇ ਅੰਦਰ ਅੰਦਰ ਕਬਜਾ ਕਰ ਲਿਆ ਹੈ ਤੇ ਐਤਵਾਰ ਨੂੰ ਰਾਜਧਾਨੀ ਨੂੰ ਵੀ ਕਬਜੇ ਵਿੱਚ ਲੈ ਲਿਆ।