ਓਂਟਾਰੀਓ ਡੈਸਕ (ਵਿਕਰਮ ਸਹਿਜਪਾਲ) : ਕੈਨੇਡੀਅਨ ਰੈਵੇਨਿਊ ਏਜੰਸੀ ਵੱਲੋਂ ਟੈਕਸ ਚੋਰੀ ਬਾਰੇ ਪੰਜਵੀਂ ਅਤੇ ਅੰਤਮ ਰਿਪੋਰਟ ਵਿਚ ਇਹ ਪ੍ਰਗਟਾਵਾ ਕੀਤਾ ਗਿਆ ਕਿ ਕੈਨੇਡੀਅਨ ਕੰਪਨੀਆਂ ਨੇ ਆਪਣੇ ਫ਼ਰਜ਼ ਵਿਚ ਕੋਤਾਹੀ ਕਰਦਿਆਂ 11.4 ਅਰਬ ਡਾਲਰ ਦਾ ਟੈਕਸ ਅਦਾ ਨਹੀਂ ਕੀਤਾ। ਜੋ ਸੇਲਜ਼ ਟੈਕਸ ਫ਼ਰੌਡ, ਘਰੇਲੂ ਪੱਧਰ 'ਤੇ ਟੈਕਸ ਚੋਰੀ ਅਤੇ ਟੈਕਸ ਚੋਰਾਂ ਦੀਆਂ ਵਿਦੇਸ਼ੀ ਪਨਾਹਗਾਹਾਂ ਨਾਲ ਸਬੰਧਤ ਤੱਥਾਂ 'ਤੇ ਆਧਾਰਤ ਹੈ। ਸੀ.ਆਰ.ਏ. ਵੱਲੋਂ ਮੰਗਲਵਾਰ ਨੂੰ ਜਾਰੀ ਰਿਪੋਰਟ ਮੁਤਾਬਕ 2014 ਦੇ ਟੈਕਸ ਵਰੇ ਦੌਰਾਨ ਕੈਨੇਡੀਅਨ ਕਾਰਪੋਰੇਸ਼ਨਾਂ ਨੇ ਟੈਕਸ ਦੇ ਰੂਪ ਵਿਚ 9.4 ਅਰਬ ਡਾਲਰ ਤੋਂ 11.4 ਅਰਬ ਡਾਲਰ ਤੱਕ ਘੱਟ ਰਕਮ ਅਦਾ ਕੀਤੀ।
ਸਾਫ਼ ਲਫ਼ਜ਼ਾਂ ਵਿਚ ਕਿਹਾ ਜਾਵੇ ਤਾਂ ਵੱਡੀਆਂ ਕੰਪਨੀਆਂ ਨੇ ਜ਼ਿਆਦਾ ਟੈਕਸ ਚੋਰੀ ਕੀਤਾ। ਸੀ.ਆਰ.ਏ. ਦੀ ਰਿਪੋਰਟ ਕਹਿੰਦੀ ਹੈ ਕਿ ਛੋਟੀਆਂ ਕੰਪਨੀਆਂ ਨੇ 2.7 ਅਰਬ ਡਾਲਰ ਤੋਂ 3.5 ਅਰਬ ਡਾਲਰ ਤੱਕ ਟੈਕਸ ਚੋਰੀ ਕੀਤੀ ਜਦਕਿ ਵੱਡੀਆਂ ਕੰਪਨੀਆਂ ਦਾ ਯੋਗਦਾਨ 6.7 ਅਰਬ ਡਾਲਰ ਤੋਂ 7.9 ਅਰਬ ਡਾਲਰ ਤੱਕ ਰਿਹਾ।
ਕੈਨੇਡੀਅਨ ਟੈਕਸ ਏਜੰਸੀ ਵੱਲੋਂ ਟੈਕਸ ਚੋਰੀ ਕਰਨ ਵਾਲਿਆਂ ਵਿਰੁੱਧ ਕਾਰਵਾਈ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਟੈਕਸ ਦੇ ਰੂਪ ਵਿਚ ਚੋਰੀ ਹੋਈ ਰਕਮ ਵਿਚੋਂ 55 % ਤੋਂ 65% ਵਾਪਸ ਆਉਣ ਦੀ ਉਮੀਦ ਜ਼ਾਹਰ ਕੀਤੀ ਜਾ ਰਹੀ ਹੈ। ਸੀ.ਆਰ.ਏ. ਦੇ ਅੰਦਾਜ਼ੇ ਮੁਤਾਬਕ ਚੋਰੀ ਹੋਇਆ ਟੈਕਸ ਵਾਪਸ ਆਉਂਦਾ ਹੈ ਤਾਂ 2014 ਵਿਚ ਟੈਕਸ ਖੱਪੇ ਦਾ ਅੰਕੜਾ 3.3 ਅਰਬ ਡਾਲਰ ਤੱਕ ਹੇਠਾਂ ਜਾ ਸਕਦਾ ਹੈ।



