ਕੈਨੇਡਾ – ਸਰੀ ਦੇ ਗੁਰਦੁਆਰਾ ਸਾਹਿਬ ‘ਚ ਮਿਲਿਆ ਕੋਰੋਨਾ ਮਰੀਜ਼

by vikramsehajpal

ਸਰੀ (ਐਨ.ਆਰ.ਆਈ.ਮੀਡਿਆ) : ਕੈਨੇਡਾ ਦੇ ਸਰੀ ਦੇ ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ ਵਿਖੇ 18 ਤੋਂ 20 ਨਵੰਬਰ ਨੂੰ ਆਏ ਇੱਕ ਸ਼ਰਧਾਲੂ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਈ ਹੈ। ਇਸ ਦੇ ਚਲਦਿਆਂ ਗੁਰਦੁਆਰਾ ਕਮੇਟੀ ਨੇ 18 ਤੋਂ 20 ਨਵੰਬਰ ਨੂੰ ਗੁਰੂ ਘਰ ਆਉਣ ਵਾਲੇ ਸਿੱਖ ਸ਼ਰਧਾਲੂਆਂ ਅਤੇ ਸਥਾਨਕ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਏਕਾਂਤਵਾਸ ਹੋ ਜਾਣ। ਜੇਕਰ ਕਿਸੇ ਵਿੱਚ ਕੋਰੋਨਾ ਦਾ ਲੱਛਣ ਵਿਖਾਈ ਦਿੰਦਾ ਹੈ ਤਾਂ ਉਸ ਨੂੰ ਕੋਰੋਨਾ ਦਾ ਟੈਸਟ ਜ਼ਰੂਰ ਕਰਵਾਉਣਾ ਚਾਹੀਦਾ ਹੈ।

ਦਸਣਯੋਗ ਹੈ ਕਿ ਫੇਸਬੁੱਕ 'ਤੇ ਇੱਕ ਪੋਸਟ ਸ਼ੇਅਰ ਕਰਦੇ ਹੋਏ ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ ਦੇ ਮੁੱਖ ਸੇਵਾਦਾਰ ਭਾਈ ਮੋਨਿੰਦਰ ਸਿੰਘ ਨੇ ਕਿਹਾ ਕਿ ਕੋਰੋਨਾ ਵਾਇਰਸ ਮਹਾਂਮਾਰੀ ਸਾਰੀ ਦੁਨੀਆ ਦੀ ਤਰਾਂ ਸਰੀ 'ਚ ਵੀ ਤੇਜ਼ੀ ਨਾਲ ਫੈਲ ਰਹੀ ਹੈ। ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ ਵਿਖੇ ਆਉਣ ਵਾਲੇ ਇੱਕ ਸ਼ਰਧਾਲੂ ਦੀ ਕੋਰੋਨਾ ਰਿਪੋਰਟ ਵੀ ਪੌਜ਼ੀਟਿਵ ਆਈ ਹੈ, ਜੋ ਕਿ 18 ਤੋਂ 20 ਤੱਕ ਸਵੇਰੇ 4 ਵਜੇ ਤੋਂ 9 ਵਜੇ ਤੱਕ ਹਰ ਰੋਜ਼ ਗੁਰੂ ਘਰ ਆਉਣਾ ਰਿਹਾ ਹੈ।

ਇਸ ਲਈ ਇਸ ਸਮੇਂ ਦੌਰਾਨ ਗੁਰਦੁਆਰਾ ਸਾਹਿਬ ਆਉਣ ਵਾਲੇ ਸਾਰੇ ਸਿੱਖ ਸ਼ਰਧਾਲੂਆਂ ਅਤੇ ਸਥਾਨਕ ਲੋਕਾਂ ਨੂੰ ਬੇਨਤੀ ਹੈ ਕਿ ਉਹ ਏਕਾਂਤਵਾਸ ਹੋ ਜਾਣ ਅਤੇ ਜੇਕਰ ਕਿਸੇ ਵਿੱਚ ਕੋਵਿਡ-19 ਦਾ ਲੱਛਣ ਹੈ ਤਾਂ ਉਸ ਨੂੰ ਕੋਰੋਨਾ ਦਾ ਟੈਸਟ ਜ਼ਰੂਰ ਕਰਵਾਉਣਾ ਚਾਹੀਦਾ ਹੈ ਤਾਂ ਜੋ ਇਸ ਮਹਾਂਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਦੱਸ ਦਈਏ ਕਿ ਭਾਈ ਮੋਨਿੰਦਰ ਸਿੰਘ ਨੇ ਸਿੱਖ ਸ਼ਰਧਾਲੂਆਂ ਅਤੇ ਸਥਾਨਕ ਲੋਕਾਂ ਨੂੰ ਸਲਾਹ ਜਾਰੀ ਕਰਦੇ ਹੋਏ ਕਿਹਾ ਕਿ ਉਹ ਇਸ ਮਹਾਂਮਾਰੀ ਦੇ ਚਲਦਿਆਂ ਗੁਰੂ ਘਰ ਆਉਣ ਦਾ ਸੰਕੋਚ ਕਰਨ ਅਤੇ ਘਰੋਂ ਹੀ ਪਾਠ ਕਰਨ। ਜੇਕਰ ਕਿਸੇ ਨੇ ਗੁਰੂ ਘਰ ਆਉਣਾ ਵੀ ਹੈ ਤਾਂ ਉਹ ਕੋਵਿਡ-19 ਦੇ ਨਿਯਮਾਂ ਦਾ ਪੂਰੀ ਤਰਾਂ ਪਾਲਣ ਕਰੇ, ਜਿਵੇਂ ਉਸ ਨੇ ਮਾਸਕ ਪਾਇਆ ਹੋਵੇ ਅਤੇ ਸੋਸ਼ਲ ਡਿਸਟੈਸਿੰਗ ਸਣੇ ਉਹ ਕੋਵਿਡ-19 ਦੇ ਸਾਰੇ ਨਿਯਮਾਂ ਦੀ ਪਾਲਣਾ ਕਰੇ।