ਕੈਨੇਡਾ – ਵਿਰੋਧੀ ਧਿਰਾਂ ਨੇ ਇਸ ਮਾਮਲੇ ਤੇ ਫਰੀਲੈਂਡ ਨੂੰ ਘੇਰਿਆ

by vikramsehajpal

ਟਾਰਾਂਟੋ (NRI MEDIA) : ਕੈਨੇਡੀਅਨਾਂ ਤੇ ਕਾਰੋਬਾਰਾਂ ਦੀ ਮਦਦ ਲਈ ਮਹਾਂਮਾਰੀ ਦੌਰਾਨ ਰਾਹਤ ਪ੍ਰੋਗਰਾਮ ਮੁਹੱਈਆ ਕਰਵਾਉਣ ਬਦਲੇ ਵੱਧਦੀ ਲਾਗਤ ਦੇ ਸਬੰਧ ਵਿੱਚ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਨੂੰ ਹਾਊਸ ਆਫ ਕਾਮਨਜ਼ ਵਿੱਚ ਵਿਰੋਧੀ ਧਿਰਾਂ ਵੱਲੋਂ ਘੇਰਿਆ ਗਿਆ। ਦੱਸ ਦਈਏ ਕਿ ਹਾਊਸ ਆਫ ਕਾਮਨਜ਼ ਵਿੱਚ ਚਾਰ ਘੰਟੇ ਚੱਲੇ ਸਵਾਲ ਜਵਾਬ ਦੇ ਇਸ ਦੌਰ ਦੌਰਾਨ ਫਰੀਲੈਂਡ ਨੇ ਇਸ ਸਾਲ ਪੈਣ ਵਾਲੇ ਵਿੱਤੀ ਘਾਟੇ ਦੇ ਸਬੰਧ ਵਿੱਚ ਕਿਸੇ ਵੀ ਤਰ੍ਹਾਂ ਦੇ ਅੰਕੜੇ ਦੱਸਣ ਤੋਂ ਇਨਕਾਰ ਕਰ ਦਿੱਤਾ।

ਇਹ ਕਿਆਫੇ ਲਾਏ ਜਾ ਰਹੇ ਹਨ ਕਿ ਇਸ ਸਾਲ ਫੈਡਰਲ ਘਾਟਾ ਕਾਫੀ ਜ਼ਿਆਦਾ ਰਹੇਗਾ ਤੇ ਵਿਆਜ਼ ਦਰਾਂ ਵਿੱਚ ਵਾਧਾ ਹੋਣ ਦੀਆਂ ਸੰਭਾਵਨਾਂ ਵੀ ਪ੍ਰਗਟਾਈਆਂ ਜਾ ਰਹੀਆਂ ਹਨ। ਫਰੀਲੈਂਡ ਨੇ ਇਹ ਜ਼ਰੂਰ ਦੱਸਿਆ ਕਿ ਇਸ ਸਾਲ ਵਿੱਤੀ ਅਪਡੇਟ ਪਹਿਲਾਂ ਨਹੀਂ ਸਗੋਂ ਸਾਲ ਦੇ ਅੰਤ ਵਿੱਚ ਆਵੇਗੀ। ਪਰ ਉਨ੍ਹਾਂ ਇਸ ਅਪਡੇਟ ਦੀ ਕੋਈ ਤਰੀਕ ਦੱਸਣ ਤੋਂ ਇਨਕਾਰ ਕਰ ਦਿੱਤਾ। ਓਥੇ ਹੀ ਫਰੀਲੈਂਡ ਨਾਲ ਤਿੱਖੀ ਬਹਿਸ ਦੌਰਾਨ ਕੰਜ਼ਰਵੇਟਿਵ ਫਾਇਨਾਂਸ ਕ੍ਰਿਟਿਕ ਪਿਏਰ ਪੌਲੀਐਵਰ ਨੇ ਸ਼ਿਕਾਇਤ ਕੀਤੀ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਫਰੀਲੈਂਡ ਨੇ ਕਿਸੇ ਦੇ ਵੀ ਸਵਾਲਾਂ ਦਾ ਸਹੀ ਢੰਗ ਨਾਲ ਜਵਾਬ ਦਿੱਤਾ ਹੋਵੇ।

ਉਨ੍ਹਾਂ ਸਾਨੂੰ ਇਹ ਨਹੀਂ ਦੱਸਿਆ ਕਿ ਘਾਟਾ ਕਿੱਥੋਂ ਤੱਕ ਜਾ ਸਕਦਾ ਹੈ| ਉਨ੍ਹਾਂ ਇਹ ਨਹੀਂ ਦੱਸਿਆ ਕਿ ਬੈਂਕ ਆਫ ਕੈਨੇਡਾ ਵੱਲੋਂ ਸਰਕਾਰ ਦੇ ਕਰਜ਼ੇ ਨੂੰ ਘਟਾਉਣ ਲਈ ਕਿਸ ਹੱਦ ਤੱਕ ਮਦਦ ਕੀਤੀ ਜਾਵੇਗੀ, ਨਾ ਹੀ ਇਹ ਦੱਸਿਆ ਗਿਆ ਹੈ ਕਿ ਵਿਆਜ਼ ਦਰਾਂ ਵਧਣ ਤੋਂ ਪਹਿਲਾਂ ਕੀ ਕਰਜ਼ਾ ਮੋੜ ਦਿੱਤਾ ਜਾਵੇਗਾ। ਉਨ੍ਹਾਂ ਆਖਿਆ ਕਿ ਕੀ ਸਰਕਾਰ ਵੱਲੋਂ ਕੋਈ ਵੀ ਕੈਨੇਡੀਅਨ ਟੈਕਸਦਾਤਾਵਾਂ ਨੂੰ ਇਹ ਦੱਸ ਸਕਦਾ ਹੈ ਕਿ ਉਨ੍ਹਾਂ ਨੂੰ ਕਿੰਨਾ ਕਰਜ਼ਾ ਮੋੜਨਾ ਹੈ।