Canada: ਆਪਣਾ ਹੀ ਬੱਚਾ ਅਗਵਾ ਕਰਕੇ ਭਾਰਤ ਭੱਜਿਆ ਵਿਅਕਤੀ, ਕੈਨੇਡਾ ਵਾਪਸੀ ਮੌਕੇ ਗ੍ਰਿਫਤਾਰ

by nripost

ਟਰਾਂਟੋ (ਨੇਹਾ): ਪਿਛਲੇ ਸਾਲ ਜੁਲਾਈ ਮਹੀਨੇ ਵਿਚ ਆਪਣੇ ਹੀ 3 ਸਾਲਾਂ ਪੁੱਤਰ ਨੂੰ ਅਗ਼ਵਾ ਕਰ ਕੇ ਭਾਰਤ ਭੱਜੇ ਪਿਤਾ ਨੂੰ ਬੀਤੇ ਦਿਨ ਟਰਾਂਟੋ ਹਵਾਈ ਅੱਡੇ ’ਤੇ ਉਤਰਦਿਆਂ ਹੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।

ਕਪਿਲ ਸੂਨਕ (48) ਅਤੇ ਕੈਮਿਲਾ ਵਿਲਾਸ ਦਾ ਕਈ ਸਾਲ ਪਹਿਲਾਂ ਵਿਆਹ ਹੋਇਆ ਸੀ ਜਿਨ੍ਹਾਂ ਦਾ ਇੱਕ ਪੁੱਤਰ ਵੈਲਿਨਟੈਨੋ ਹੈ। ਪਰ ਦੋ ਸਾਲ ਪਹਿਲਾਂ ਦੋਵਾਂ ਦੇ ਰਿਸ਼ਤੇ ਵਿਚ ਕੜਵਾਹਟ ਆ ਗਈ ਤੇ ਇਸ ਦੌਰਾਨ ਅਦਾਲਤ ਨੇ ਇਨ੍ਹਾਂ ਦੇ ਕੇਸ ਸਬੰਧੀ ਫ਼ੈਸਲੇ ਤੱਕ ਬੱਚਾ ਮਾਂ ਦੇ ਹਵਾਲੇ ਕੀਤਾ ਤੇ ਸੂਨਕ ਨੂੰ ਬੱਚੇ ਤੋਂ ਦੂਰ ਰਹਿਣ ਦੇ ਆਦੇਸ਼ ਦਿੱਤੇ ਗਏ ਸਨ।

ਪਰ ਇਸ ਦੌਰਾਨ ਸੂਨਕ ਨੇ ਬੱਚੇ ਨੂੰ ਕੇਅਰ ਸੈਂਟਰ ਤੋਂ ਅਗ਼ਵਾ ਕਰ ਕੇ ਭਾਰਤ ਲੈ ਆਇਆ। ਜਿਸ ਤੋਂ ਬਾਅਦ ਕੈਮਿਲਾ ਉਨ੍ਹਾਂ ਦੀ ਭਾਲ ਲਈ ਭਾਰਤ ਆਈ ਅਤੇ ਪੰਜਾਬ ਹਰਿਆਣਾ ਹਾਈ ਕੋਰਟ ਵਿਚ ਕੇਸ ਕਰਨ ਉਪਰੰਤ ਬੱਚਾ ਆਪਣੀ ਕਸਟਡੀ ਵਿੱਚ ਲੈ ਕੇ ਕੈਨੇਡਾ ਵਾਪਸ ਚਲੀ ਗਈ।

ਉਧਰ ਕੈਨੇਡਾ ਪੁਲਿਸ ਵੱਲੋਂ ਸੂਨਕ ਵਿਰੁਧ ਅਗ਼ਵਾ ਦਾ ਮਾਮਲਾ ਦਰਜ ਕੀਤਾ ਹੋਇਆ ਸੀ। ਬੀਤੇ ਦਿਨ ਜਿਵੇਂ ਹੀ ਉਹ ਵਾਪਸ ਕੈਨੇਡਾ ਪਹੁੰਚਿਆ ਤਾਂ ਬਾਰਡਰ ਸੁਰੱਖਿਆ ਏਜੰਸੀ ਵਲੋਂ ਉਸ ਨੂੰ ਗ੍ਰਿਫ਼ਤਾਰ ਕਰ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ।