ਕੈਨੇਡਾ ਸੰਸਦੀ ਚੋਣਾਂ: ਜਸਟਿਨ ਟਰੂਡੋ ਸੱਤਾ ਵਿੱਚ ਆਏ ਪਰ ਬਹੁਮਤ ਤੋਂ ਖੁੰਝੇ, ਜਗਮੀਤ ਸਿੰਘ ਬਣਨਗੇ ‘ਕਿੰਗ ਮੇਕਰ’

by vikramsehajpal

ਟੋਰਾਂਟੋ (ਦੇਵ ਇੰਦਰਜੀਤ)- ਕੈਨੇਡਾ ’ਚ ਜਸਟਿਨ ਟਰੂਡੋ ਦੀ ਦੁਬਾਰਾ ਸਰਕਾਰ ਬਣੇਗੀ ਪਰ ਇਹ ਘੱਟਗਿਣਤੀ ਹੋਵੇਗੀ,ਕਿਉਂਕਿ ਲਿਬਰਲ ਪਾਰਟੀ ਨੂੰ ਬਹੁਮਤ ਹਾਸਲ ਨਹੀਂ ਹੋਇਆ। ਸੰਸਦੀ ਚੋਣਾਂ ’ਚ ਲਿਬਰਲ ਪਾਰਟੀ ਨੂੰ ਕੁੱਲ 338 ਵਿਚੋਂ 156 ਸੀਟਾਂ ਮਿਲੀਆਂ ਹਨ।

ਦਸਣਾ ਜਰੂਰੀ ਹੈ ਕਿ ਚੋਣਾਂ ਦਾ ਨਤੀਜਾ 2 ਸਾਲ ਪਹਿਲਾਂ ਹੋਈਆਂ ਚੋਣਾਂ ਵਰਗਾ ਹੀ ਹੈ। ਸਾਲ 2019 ਵਿਚ ਉਨ੍ਹਾਂ ਦੀ ਪਾਰਟੀ ਨੂੰ 157 ਸੀਟਾਂ ਮਿਲੀਆਂ ਸਨ। ਹਾਊਸ ਆਫ਼ ਕਾਮਨਜ਼ ਵਿਚ ਬਹੁਮਤ ਲਈ 170 ਸੀਟਾਂ ਦੀ ਲੋੜ ਹੈ। ਟਰੁਡੋ ਬਹੁਮਤ ਤੋਂ 14 ਸੀਟਾਂ ਪਛੜ ਗਏ। ਜਗਮੀਤ ਸਿੰਘ ਦੀ ਅਗਵਾਈ ਵਾਲੀ ਨਿਊ ਡੈਮੋਕ੍ਰੇਟਿਕ ਪਾਰਟੀ (ਐੱਨਡੀਪੀ) ਮੁੜ ਕਿੰਗ ਮੇਕਰ ਬਣੇਗੀ। ਇਸ ਪਾਰਟੀ ਨੇ ਇਸ ਵਾਰ ਆਪਣੀਆਂ ਸੀਟਾਂ 24 ਤੋਂ ਵਧਾ ਕੇ 27 ਕਰ ਲਈਆਂ ਹਨ। ਮੁੱਖ ਵਿਰੋਧੀ ਕੰਜ਼ਰਵੇਟਿਵ ਪਾਰਟੀ ਨੂੰ 122 ਸੀਟਾਂ ਮਿਲੀਆਂ ਤੇ ਪਿਛਲੀ ਵਾਰ ਨਾਲੋਂ ਉਸ ਨੂੰ ਇਕ ਸੀਟ ਦਾ ਫਾਇਦਾ ਹੋਇਆ ਹੈ।

ਕੈਨੇਡਾ ਦੇ ਪ੍ਰਧਾਨਮੰਤਰੀ ਜਸਟਿਨ ਟਰੂਡੋ ਨੇ ਪੈਪੀਨਿਊ ਤੋਂ ਆਪਣੀ ਸੀਟ ਜਿੱਤ ਲਈ ਹੈ। ਟਵੀਟ ਕਰਕੇ ਉਨ੍ਹਾਂ ਨੇ ਪਾਰਟੀ ਵਰਕਰਾਂ ਦਾ ਧੰਨਵਾਦ ਵੀ ਕੀਤਾ ਹੈ। ਲਿਬਰਲ ਪਾਰਟੀ ਦੇ ਨੇਤਾ ਅਤੇ ਪ੍ਰਧਾਨਮੰਤਰੀ ਜਸਟਿਨ ਟਰੂਡੋ ਨੇ ਟਵੀਟ ਵਿੱਚ ਲਿਖਿਆ ਹੈ," ਲਿਬਰਲ ਪਾਰਟੀ ਵਿੱਚ ਆਪਣਾ ਭਰੋਸਾ ਜਤਾਉਣ ਲਈ ਧੰਨਵਾਦ। ਅਸੀਂ ਮਿਲ ਕੇ ਕੋਵਿਡ ਦੇ ਖਿਲਾਫ ਲੜਾਈ ਜਿੱਤਾਂਗੇ ਅਤੇ ਕੈਨੇਡਾ ਨੂੰ ਅੱਗੇ ਲੈ ਕੇ ਜਾਵਾਂਗੇ।"