ਕੈਨੇਡਾ,ਤ੍ਰਿਨਿਦਾਦ ਐਂਡ ਟੋਬੈਗੋ ਨੂੰ ਭੇਜੇਗਾ ਐਸਟ੍ਰਾਜ਼ੈਨੇਕਾ ਵੈਕਸੀਨ ਦੀਆਂ 82000 ਡੋਜ਼ਾਂ

by vikramsehajpal

ਓਟਵਾ (ਦੇਵ ਇੰਦਰਜੀਤ) : ਫੈਡਰਲ ਸਰਕਾਰ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਉਨ੍ਹਾਂ ਵੱਲੋਂ ਆਕਸਫੋਰਡ ਐਸਟ੍ਰਾਜ਼ੈਨੇਕਾ ਦੀ 82000 ਡੋਜ਼ਾਂ ਤ੍ਰਿਨਿਦਾਦ ਐਂਡ ਟੋਬੈਗੋ ਭੇਜੀਆਂ ਜਾ ਰਹੀਆਂ ਹਨ।
ਇੰਟਰਨੈਸ਼ਨਲ ਡਿਵੈਲਪਮੈਂਟ ਮੰਤਰੀ ਕਰੀਨਾ ਗੋਲਡ ਨੇ ਬੁੱਧਵਾਰ ਨੂੰ ਜਾਰੀ ਕੀਤੀ ਇੱਕ ਨਿਊਜ਼ ਰਲੀਜ਼ ਵਿੱਚ ਆਖਿਆ ਕਿ ਤ੍ਰਿਨਿਦਾਦ ਐਂਡ ਟੋਬੈਗੋ ਨੂੰ ਇਹ ਵਾਧੂ ਡੋਜ਼ਾਂ ਦੇਣ ਦਾ ਫੈਸਲਾ ਉਨ੍ਹਾਂ ਦੀ ਲੋੜ ਅਤੇ ਫੌਰੀ ਤੌਰ ਉੱਤੇ ਟੀਕਾਕਰਣ ਕਰਨ ਦੀ ਸਮਰੱਥਾਂ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਗਿਆ ਹੈ।

ਗੋਲਡ ਨੇ ਆਖਿਆ ਕਿ ਇਹ ਡੋਜ਼ਾਂ ਆਉਣ ਵਾਲੇ ਦਿਨਾਂ ਵਿੱਚ ਡਲਿਵਰ ਕਰ ਦਿੱਤੀਆਂ ਜਾਣਗੀਆਂ। ਤ੍ਰਿਨਿਦਾਦ ਐਂਡ ਟੋਬੈਗੋ ਸਰਕਾਰ ਗਾਈਡਲਾਈਨਜ਼ ਮੁਤਾਬਕ ਤੇ ਪਬਲਿਕ ਹੈਲਥ ਸਬੰਧੀ ਸਾਰੇ ਨਿਯਮਾਂ ਨੂੰ ਧਿਆਨ ਵਿੱਚ ਰੱਖਕੇ ਇਨ੍ਹਾਂ ਦੀ ਵਰਤੋਂ ਕਰੇਗੀ। ਪਿਛਲੇ ਮਹੀਨੇ ਫੈਡਰਲ ਸਰਕਾਰ ਨੇ ਆਖਿਆ ਸੀ ਕਿ ਉਹ ਆਕਸਫੋਰਡ ਐਸਟ੍ਰਾਜ਼ੈਨੇਕਾ ਵੈਕਸੀਨ ਦੀਆਂ 18 ਮਿਲੀਅਨ ਡੋਜ਼ਾਂ ਗਰੀਬ ਦੇਸ਼ਾਂ ਨੂੰ ਡੋਨੇਟ ਕਰੇਗੀ।

ਪ੍ਰੋਕਿਓਰਮੈਂਟ ਮੰਤਰੀ ਅਨੀਤਾ ਆਨੰਦ ਨੇ ਉਸ ਸਮੇਂ ਆਖਿਆ ਸੀ ਕਿ ਪ੍ਰੋਵਿੰਸਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਫੈਡਰਲ ਸਰਕਾਰ ਨੇ ਇਹ ਤੈਅ ਕੀਤਾ ਹੈ ਕਿ ਇਹ ਵੈਕਸੀਨ ਦੀਆਂ ਡੋਜ਼ਾਂ ਕੈਨੇਡਾ ਕੋਲ ਵਾਧੂ ਸਨ ਤੇ ਸਾਡੀ ਐਸਟ੍ਰਾਜ਼ੈਨੇਕਾ ਦੀ ਵੈਕਸੀਨ ਦੀ ਮੰਗ ਪੂਰੀ ਹੋ ਚੁੱਕੀ ਹੈ, ਇਸੇ ਲਈ ਅਸੀਂ ਇਹ ਵੈਕਸੀਨ ਗਰੀਬ ਦੇਸ਼ਾਂ ਨੂੰ ਵੰਡਣ ਲੱਗੇ ਹਾਂ।