ਮੌਂਟਰੀਅਲ , 06 ਦਸੰਬਰ ( NRI MEDIA )
ਕੈਨੇਡਾ ਅਤੇ ਚੀਨ ਵਿੱਚ ਲੰਮੇ ਸਮੇਂ ਤੋਂ ਤਣਾਅ ਚੱਲ ਰਿਹਾ ਹੈ , ਪਹਿਲਾਂ ਕੈਨੇਡਾ ਵੱਲੋਂ ਹੁਵਾਈ ਦੀ ਸੀਐਫਓ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਤੋਂ ਬਾਅਦ ਕੈਨੇਡੀਅਨ ਨਾਗਰਿਕਾਂ ਨੂੰ ਚੀਨ ਵਿੱਚ ਹਿਰਾਸਤ ਵਿੱਚ ਲਿਆ ਗਿਆ ਸੀ ,ਹੁਣ ਇੱਕ ਵਾਰ ਫਿਰ ਕੈਨੇਡਾ ਵਿੱਚ ਚੀਨ ਦੇ ਨਵੇਂ ਰਾਜਦੂਤ ਨੇ ਧਮਕੀ ਦਿੱਤੀ ਹੈ , ਉਨ੍ਹਾਂ ਕਿਹਾ ਕਿ ਜੇਕਰ ਕੈਨੇਡੀਅਨ ਸੰਸਦ ਹਾਂਗਕਾਂਗ ਵਿੱਚ ਚੱਲ ਰਹੇ ਪ੍ਰਦਰਸ਼ਨਕਾਰੀਆਂ ਦੇ ਲਈ ਜਾਂ ਫਿਰ ਮੁਸਲਿਮ ਉਈਗੁਰ ਸਮਾਜ ਦੇ ਲਈ ਕੋਈ ਵੀ ਬਿੱਲ ਜਾਂ ਮਤਾ ਪਾਸ ਕਰਦੀ ਹੈ ਤਾਂ ਉਹ ਕੈਨੇਡਾ ਸਰਕਾਰ ਦਾ ਵਿਰੋਧ ਕਰਨਗੇ |
ਚੀਨ ਲੰਬੇ ਸਮੇਂ ਤੋਂ ਕੈਨੇਡਾ ਨੂੰ ਕਿਸੇ ਵੀ ਅੰਦਰੂਨੀ ਮਾਮਲੇ ਤੇ ਦਖ਼ਲ ਦੇਣ ਤੋਂ ਵਰਜ ਰਿਹਾ ਹੈ , ਸੰਸਦ ਵਿੱਚ ਅਜਿਹਾ ਬਿੱਲ ਪਾਸ ਕੀਤਾ ਜਾਵੇਗਾ ਇਸ ਦੀ ਚੀਨ ਨੂੰ ਪੂਰੀ ਸੰਭਾਵਨਾ ਨਜ਼ਰ ਆ ਰਹੀ ਹੈ ਜਿਸ ਤੋਂ ਬਾਅਦ ਹੀ ਚੀਨ ਨੇ ਇਸ ਮਾਮਲੇ ਤੇ ਕੈਨੇਡਾ ਨੂੰ ਧਮਕੀ ਦਿੱਤੀ ਹੈ ,ਚੀਨ ਦਾ ਕਹਿਣਾ ਹੈ ਕਿ ਅੰਤਰਰਾਸ਼ਟਰੀ ਪੱਧਰ ਦੇ ਮਨੁੱਖਤਾ ਨਿਯਮਾਂ ਨੂੰ ਉਨ੍ਹਾਂ ਵੱਲੋਂ ਕਿਸੇ ਵੀ ਤਰੀਕੇ ਨਾਲ ਨਹੀਂ ਤੋੜਿਆ ਜਾ ਰਿਹਾ |
ਵਿਦੇਸ਼ੀ ਸਬੰਧਾਂ ਬਾਰੇ ਮਾਂਟਰੀਅਲ ਕੌਂਸਲ ਨੂੰ ਦਿੱਤੇ ਭਾਸ਼ਣ ਵਿੱਚ ਚੀਨੀ ਰਾਜਦੂਤ ਨੇ ਕਿਹਾ ਕਿ ਜੇਕਰ ਕੈਨੇਡੀਅਨ ਸੰਸਦ ਕੋਈ ਅਜਿਹਾ ਮਤਾ ਅਪਣਾਉਂਦੀ ਹੈ ਜਾਂ ਫਿਰ ਕਿਸੇ ਮਨੁੱਖੀ ਅਧਿਕਾਰਾਂ ਜਾਂ ਲੋਕਤੰਤਰ ਦੇ ਬਹਾਨੇ ਚੀਨ ਦੇ ਘਰੇਲੂ ਮਾਮਲਿਆਂ ਵਿੱਚ ਦਖ਼ਲ ਦੇਣ ਦੀ ਕੋਸ਼ਿਸ਼ ਕਰਦੀ ਹੈ ਤਾਂ ਇਸ ਦੇ ਗੰਭੀਰ ਨਤੀਜੇ ਕੈਨੇਡਾ ਨੂੰ ਭੁਗਤਣੇ ਪੈ ਸਕਦੇ ਹਨ |



