ਆਨਲਾਈਨ ਕੈਸੀਨੋ ਦੀ ਕਮਾਈ ਨਾਲ ਅਖਬਾਰ ਦਾ ਪ੍ਰਕਾਸ਼ਨ ਕਰੇਗਾ ਕੈਨੇਡਾ ਦਾ ਟੋਰਸਟਾਰ ਗਰੁੱਪ

by vikramsehajpal

ਟੋਰਾਂਟੋ (ਦੇਵ ਇੰਦਰਜੀਤ)- ਦੁਨੀਆ ਭਰ ਵਿਚ ਪ੍ਰਿੰਟ ਮੀਡੀਆ ਮੁਸ਼ਕਲ ਸਥਿਤੀ ਵਿਚ ਹੈ। ਇਸ ਦੀ ਇਕ ਉਦਾਹਰਨ ਕੈਨੇਡਾ ਵਿਚ ਸਾਹਮਣੇ ਆਈ ਹੈ। ਇਸ਼ਤਿਹਾਰ ਤੋਂ ਆਮਦਨੀ ਘੱਟ ਜਾਣ ਕਾਰਨ ਇੱਥੇ ਹੁਣ ਇਕ ਵੱਡੇ ਮੀਡੀਆ ਹਾਊਸ ਨੂੰ ਆਨਲਾਈਨ ਕੈਸੀਨੋ ਚਲਾਉਣ ਦਾ ਫ਼ੈਸਲਾ ਕਰਨਾ ਪਿਆ ਹੈ। ਪ੍ਰਿੰਟ ਮੀਡੀਆ ਲਈ ਪਹਿਲਾਂ ਹੀ ਇੰਟਰਨੈੱਟ ਅਤੇ ਸੋਸ਼ਲ ਮੀਡੀਆ ਕਾਰਨ ਚੁਣੌਤੀਆਂ ਵੱਧ ਗਈਆਂ ਸਨ ਪਰ ਕੋਰੋਨਾ ਲਾਗ ਦੀ ਬੀਮਾਰੀ ਨੇ ਉਸ ਦੀ ਆਮਦਨ ਨੂੰ ਕਾਫੀ ਪ੍ਰਭਾਵਿਤ ਕੀਤਾ ਹੈ। ਇਸ ਲਈ ਕੈਨੇਡਾ ਦੇ ਸਭ ਤੋਂ ਵੱਡੇ ਅਖ਼ਬਾਰ ਸਮੂਹ ਨੇ ਫ਼ੈਸਲਾ ਲਿਆ ਹੈ ਕਿ ਆਨਲਾਈਨ ਗੇਮਿੰਗ ਤੋਂ ਪੈਸਾ ਕਮਾ ਕੇ ਆਪਣੇ ਅਖ਼ਬਾਰਾਂ ਨੂੰ ਜ਼ਿੰਦਾ ਰੱਖਣ ਦੀ ਕੋਸ਼ਿਸ਼ ਕਰੇਗਾ।

ਇਸ ਅਖ਼ਬਾਰ ਸਮੂਹ ਦੇ ਪ੍ਰਕਾਸ਼ਕ ਨੇ ਆਨਲਾਈਨ ਗੇਮਿੰਗ ਐਪ ਨੂੰ ਬਾਜ਼ਾਰ ਵਿਚ ਉਤਾਰਿਆ। ਟੋਰਸਟਾਰ ਨਾਮ ਦੇ ਇਸ ਸਮੂਹ ਦੇ ਕਾਰਜਕਾਰੀ ਅਧਿਕਾਰੀ ਕੌਰੇ ਗੁਡਮੈਨ ਨੇ ਇਕ ਬਿਆਨ ਵਿਚ ਕਿਹਾ,''ਟੋਰਸਟਾਰ ਗਰੁੱਪ 128 ਸਾਲ ਤੋਂ ਓਂਟਾਰੀਓ ਪ੍ਰਦੇਸ਼ ਦਾ ਭਰੋਸੇਮੰਦ ਬ੍ਰਾਂਡ ਰਿਹਾ ਹੈ। ਸਾਨੂੰ ਵਿਸ਼ਵਾਸ ਹੈ ਕਿ ਟੋਰਸਟਾਰ ਇਕ ਵਿਲੱਖਣ ਅਤੇ ਜ਼ਿੰਮੇਵਾਰ ਗੇਮਿੰਗ ਬ੍ਰਾਂਡ ਪ੍ਰਦਾਨ ਕਰੇਗਾ ਜਿਸ ਨਾਲ ਨਵੀਂਆਂ ਨੌਕਰੀਆਂ ਪੈਦਾ ਹੋਣਗੀਆਂ। ਓਂਟਾਰੀਓ ਦੀ ਅਰਥਵਿਵਸਥਾ ਦੇ ਵਿਕਾਸ ਵਿਚ ਵੀ ਮਦਦ ਮਿਲੇਗੀ ਅਤੇ ਨਵਾਂ ਟੈਕਸ ਮਾਲੀਆ ਪੈਦਾ ਹੋਵੇਗਾ। ਇਹਨਾਂ ਨਾਲ ਸਾਡੇ ਸੂਬਿਆਂ ਵਿਚ ਮਹੱਤਵਪੂਰਨ ਪ੍ਰੋਗਰਾਮ ਚਲਾਉਣ ਵਿਚ ਮਦਦ ਮਿਲੇਗੀ।''

ਓਂਟਾਰੀਓ ਸੂਬੇ ਵਿਚ ਆਨਲਾਈਨ ਗੈਂਬਲਿੰਗ ਵਿਚ ਹਰੇਕ ਸਾਲ ਉੱਥੋਂ ਦੇ ਲੋਕ 50 ਕਰੋੜ ਕੈਨੇਡੀਅਨ ਡਾਲਰ (ਲੱਗਭਗ 3 ਕਰੋੜ 95ਲੱਖ ਅਮਰੀਕੀ ਡਾਲਰ) ਲਗਾਉਂਦੇ ਹਨ। ਇਸ ਬਾਜ਼ਾਰ ਵਿਚ ਹੋਰ ਜ਼ਿਆਦਾ ਵਾਧਾ ਹੋਣ ਦਾ ਅਨੁਮਾਨ ਹੈ। ਇਸ ਦੇ ਪਿੱਛੇ ਕਾਰਨ ਹੈ ਕਿ ਸੂਬਾਈ ਸਰਕਾਰ ਆਨਲਾਈਨ ਗੈਂਬਲਿੰਗ ਨੂੰ ਵਧਾਵਾ ਦੇ ਰਹੀ ਹੈ।ਇਸ ਲਈ ਉਹ ਨਵੀਆਂ ਕੰਪਨੀਆਂ ਨੂੰ ਇਸ ਬਾਜ਼ਾਰ ਵਿਚ ਉਤਰਨ ਦੀ ਇਜਾਜ਼ਤ ਦੇ ਰਹੀ ਹੈ। ਜ਼ਿਕਰਯੋਗ ਹੈ ਕਿ ਟੋਰਸਟਾਰ ਦਾ ਪ੍ਰਕਾਸ਼ਨ 1892 ਵਿਚ ਹੋਇਆ ਸੀ। ਅੱਜ ਇਹ ਸਮੂਹ 70 ਤੋਂ ਵਧੇਰੇ ਖੇਤਰੀ ਅਤੇ ਭਾਈਚਾਰਕ ਅਖ਼ਬਾਰਾਂ ਦਾ ਮਾਲਕ ਹੈ।