ਓਂਟਾਰੀਓ ਡੈਸਕ (Vikram Sehajpal) : ਕੈਨੇਡੀਅਨ ਆਮ ਚੋਣਾਂ ਵਿਚ ਪ੍ਰਚਾਰ ਸਿਖ਼ਰਾਂ 'ਤੇ ਪੁੱਜਣ ਦਰਮਿਆਨ ਕੰਜ਼ਰਵੇਟਿਵ ਪਾਰਟੀ ਦੇ ਆਗੂ ਐਂਡਰਿਊ ਸ਼ੀਅਰ ਬਾਰੇ ਇਕ ਹੈਰਾਨਕੁੰਨ ਖੁਲਾਸੇ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਜੀ ਹਾਂ, ਐਂਡਰਿਊ ਸ਼ੀਅਰ ਕੋਲ ਕੈਨੇਡਾ ਤੋਂ ਇਲਾਵਾ ਅਮਰੀਕਾ ਦੀ ਸਿਟੀਜ਼ਨਸ਼ਿਪ ਵੀ ਹੈ ਅਤੇ ਇਹ ਗੱਲ ਉਨਾਂ ਨੇ ਕਦੇ ਜਗ-ਜ਼ਾਹਰ ਨਹੀਂ ਕੀਤੀ।
ਹੁਣ ਬਿੱਲੀ ਥੈਲੇ ਵਿਚੋਂ ਬਾਹਰ ਆ ਜਾਣ ਮਗਰੋਂ ਸਫ਼ਾਈ ਪੇਸ਼ ਕੀਤੀ ਜਾ ਰਹੀ ਹੈ ਕਿ ਐਂਡਰਿਊ ਸ਼ੀਅਰ ਨੇ ਬੀਤੇ ਅਗਸਤ ਵਿਚ ਅਮਰੀਕਾ ਦੀ ਸਿਟੀਜ਼ਨਸ਼ਿਪ ਛੱਡਣ ਲਈ ਅਰਜ਼ੀ ਦਾਖ਼ਲ ਕਰ ਦਿਤੀ ਸੀ। ਉਧਰ ਲਿਬਰਲ ਪਾਰਟੀ ਨੇ ਐਂਡਰਿਊ ਸ਼ੀਅਰ ਉਪਰ ਕੈਨੇਡੀਅਨ ਲੋਕਾਂ ਨਾਲ ਧੋਖਾ ਕਰਨ ਦਾ ਦੋਸ਼ ਲਾਇਆ ਹੈ।
ਲਿਬਰਲ ਪਾਰਟੀ ਦੀ ਤਰਜਮਾਨ ਜ਼ੀਟਾ ਐਸਟਰਾਵਾਸ ਨੇ ਕਿਹਾ ਕਿ ਕੰਜ਼ਰਵੇਟਿਵ ਪਾਰਟੀ ਦੇ ਆਗੂ ਨੇ ਅਮਰੀਕੀ ਨਾਗਰਿਕ ਹੋਣ ਦੀ ਗੱਲ ਕੈਨੇਡੀਅਨ ਲੋਕਾਂ ਤੋਂ ਲੁਕਾਈ ਜਦਕਿ ਦੂਹਰੀ ਨਾਗਰਿਕਤਾ ਵਾਲੀਆਂ ਹੋਰਨਾਂ ਸ਼ਖਸੀਅਤਾਂ ਨੂੰ ਨਿਸ਼ਾਨਾ ਬਣਾਉਂਦੇ ਰਹੇ।



