ਕੈਨੇਡਾ ਦੇ ਪੱਤਰਕਾਰ ਪਰਦੀਪ ਸਿੰਘ ਬੈਂਸ ਦੀ ਜਾਨ ਨੂੰ ਖ਼ਤਰਾ ! ਪਾਕਿਸਤਾਨੀਆਂ ਅਤੇ ਖਾਲਿਸਤਾਨੀਆਂ ਤੋਂ ਮਿਲ ਰਹੀਆਂ ਨੇ ਧਮਕੀਆਂ !

by jagjeetkaur

ਟੋਰਾਂਟੋ : ਕੈਨੇਡਾ ‘ਚ ਐਨ.ਆਰ.ਆਈ ਟੀਵੀ ਅਤੇ ਯੁਨਾਇਟਿਡ ਐਨ.ਆਰ.ਆਈ ਪੋਸਟ ਦੇ ਨਾਮ ਹੇਠ ਪੰਜਾਬੀ ਅਤੇ ਹਿੰਦੀ ਭਾਸ਼ਾ ਵਿੱਚ ਇਲੈਕਟ੍ਰਾਨਿਕ ਅਤੇ ਪ੍ਰਿੰਟ ਮੀਡੀਆ ਅਦਾਰੇ ਚਲਾਉਣ ਵਾਲੇ ਪੱਤਰਕਾਰ ਪਰਦੀਪ ਸਿੰਘ ਬੈਂਸ ਦੀ ਜਾਨ ਨੂੰ ਖਤਰਾ ਦੱਸਿਆ ਜਾ ਰਿਹਾ ਹੈ। ਪਤਾ ਲੱਗਿਆ ਹੈ ਕਿ ਕੁੱਝ ਪਾਕਿਸਤਾਨੀ ਅਤੇ ਕੈਨੇਡਾ ਦੇ ਨੰਬਰਾਂ ਤੋਂ ਪਾਕਿਸਤਾਨੀਆਂ ਅਤੇ ਖਾਲਿਸਤਾਨੀਆਂ ਵੱਲੋਂ ਬੈਂਸ ਨੂੰ ਧਮਕੀਆਂ ਮਿਲੀਆਂ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਬੀਤੇ ਸਾਲ ਦੌਰਾਨ ਅੰਮ੍ਰਿਤਪਾਲ ਸਿੰਘ ਦੀਆਂ ਖਬਰਾਂ ਬਾਬਤ ਵੀ ਪਰਦੀਪ ਸਿੰਘ ਬੈਂਸ ਨੂੰ ਧਮਕੀਆਂ ਮਿਲੀਆਂ ਸਨ ਜਿਸ ਤੋਂ ਬਾਅਦ ਉਨ੍ਹਾਂ ਕੈਨੇਡਾ ਵਿੱਚ ਭਾਰਤੀ ਕੌਂਸਲੇਟ ਸਮੇਤ ਐਮ.ਈ.ਏ ਨੂੰ ਵੀ ਸ਼ਿਕਾਇਤਾਂ ਭੇਜ ਕੇ ਇਸ ਮਸਲੇ ਦੀ ਜਾਣਕਾਰੀ ਦਿੱਤੀ ਸੀ ਜਦਕਿ ਹੁਣ ਨਵੇਂ ਸਿਰੇ ਤੋਂ ਮੁੜ ਤੋਂ ਆਈਆਂ ਧਮਕੀਆਂ ਤੋਂ ਬਾਅਦ ਬੈਂਸ ਦੀ ਸੁਰੱਖਿਆ ਨੂੰ ਲੈ ਕੇ ਨਾ ਸਿਰਫ ਉਹ ਖੁਦ ਸਗੋਂ ਉਨ੍ਹਾਂ ਦਾ ਪਰਿਵਾਰ ਅਤੇ ਚਾਹੁੰਣ ਵਾਲੇ ਵੀ ਪਰੇਸ਼ਾਨ ਹਨ।

ਇਸ ਬਾਬਤ ਪਰਦੀਪ ਸਿੰਘ ਬੈਂਸ ਨੇ ਗੱਲਬਾਤ ਕਰਦਿਆਂ ਦਸਿਆ ਕਿ ਉਹ ਕੈਨੇਡਾ ਵਿੱਚ ਭਾਰਤ ਸਰਕਾਰ ਦੀਆਂ ਗਤੀਵਿਧੀਆਂ ਨੂੰ ਲੈ ਕੇ ਸ਼ੌਅ ਵਗੈਰਾ ਕਰਦੇ ਰਹਿੰਦੇ ਹਨ। ਇਸ ਤੋਂ ਇਲਾਵਾ ਭਾਰਤ ਦੇ ਗਣਤੰਤਰ ਦਿਹਾੜੇ ਦੇ ਸੰਬੰਧ ‘ਚ ਭਾਰਤੀ ਕੌਂਸਲੇਟ ਵੱਲੋਂ ਰੱਖੇ ਗਏ ਇੱਕ ਸਮਾਗਮ ਨੂੰ ਵੀ ਉਨ੍ਹਾਂ ਵੱਲੋਂ ਸਪੋਰਟ ਕਰਦੇ ਹੋਏ ਇਸ ਪ੍ਰੋਗਰਾਮ ਨੂੰ ਆਪਣੇ ਚੈਨਲਾਂ ਰਾਹੀਂ ਦੇਸ਼-ਦੁਨੀਆ ਵਿੱਚ ਵੱਸਦੇ ਭਾਰਤੀਆਂ ਤੱਕ ਪਹੁੰਚਾਇਆ ਗਿਆ ਜਿਸ ਤੋਂ ਬਾਅਦ ਇਹ ਕਈਆਂ ਨੂੰ ਰਾਸ ਨਹੀਂ ਆ ਰਿਹਾ। ਬੈਂਸ ਨੇ ਦਸਿਆ ਕਿ ਇਸ ਤੋਂ ਪਹਿਲਾਂ ਸਾਲ 2023 ‘ਚ ਵੀ ਉਨ੍ਹਾਂ ਨੂੰ ਅਜਿਹੀਆਂ ਧਮਕੀਆਂ ਉਸ ਸਮੇਂ ਮਿਲੀਆਂ ਸਨ ਜਦੋਂ ਪੰਜਾਬ ਵਿੱਚ ਅੰਮ੍ਰਿਤਪਾਲ ਸਿੰਘ ਦਾ ਮਸਲਾ ਚੱਲ ਰਿਹਾ ਸੀ। ਉਨ੍ਹਾਂ ਦਸਿਆ ਕਿ ਇੱਕ ਸ਼ਿਕਾਇਤ ਉਨ੍ਹਾਂ ਵੱਲੋਂ ਕੰਪਨੀ ਦੇ ਪੁਰਾਣੇ ਮੁਲਾਜ਼ਮ ਰਸ਼ਪਾਲ ਸਿੰਘ ਦੇ ਖਿਲਾਫ ਜਲੰਧਰ ਪੁਲਿਸ ਕਮਿਸ਼ਨਰ ਨੂੰ ਵੀ ਦਿੱਤੀ ਗਈ ਹੈ ਜਿਸ ਵਿੱਚ ਉਨ੍ਹਾਂ ਦਸਿਆ ਹੈ ਕਿ ਰਸ਼ਪਾਲ ਸਿੰਘ ਉਨ੍ਹਾਂ ਨੂੰ ਲਗਾਤਾਰ ਧਮਕਾ ਰਿਹਾ ਹੈ। ਉਨਾਂ੍ਹ ਇਸ ਮਾਮਲੇ ਵਿੱਚ ਕਾਰਵਾਈ ਲਈ ਵੀ ਲਿਖਤੀ ਸ਼ਿਕਾਇਤ ਦਿੱਤੀ ਹੋਈ ਹੈ ਜਦਕਿ ਕਾਰਵਾਈ ਤਾਂ ਫਿਲਹਾਲ ਕੋਈ ਨਹੀਂ ਹੋਈ ਪਰ ਰਸ਼ਪਾਲ ਸਿੰਘ ਕਰਕੇ ਧਮਕੀਆਂ ਮੁੜ ਤੋਂ ਆ ਰਹੀਆਂ ਹਨ। ਉਨ੍ਹਾਂ ਦਸਿਆ ਕਿ ਉਹਨਾਂ ਨੇ ਜਲਦ ਹੀ ਭਾਰਤ ਆਉਣਾ ਹੈ ਪਰ ਧਮਕੀਆਂ ਦੇ ਇਸ ਮਾਹੌਲ ਕਰਕੇ ਉਨ੍ਹਾਂ ਦਾ ਪਰਿਵਾਰ ਉਨ੍ਹਾਂ ਨੂੰ ਭਾਰਤ ਜਾਣ ਤੋਂ ਫਿਲਹਾਲ ਰੋਕ ਰਿਹਾ ਹੈ ਪਰ ਉਹ ਧਮਕੀਆਂ ਤੋਂ ਡਰਨ ਵਾਲੇ ਨਹੀਂ ਹਨ ਅਤੇ ਜਲਦ ਹੀ ਭਾਰਤ ਆ ਰਹੇ ਹਨ। ਉਨ੍ਹਾਂ ਭਾਰਤ ਸਰਕਾਰ ਤੋਂ ਆਪਣੀ ਜਾਨ ਮਾਲ ਦੀ ਰਾਖੀ ਲਈ ਵੀ ਅਪੀਲ ਕੀਤੀ ਹੈ।

ਜ਼ਿਕਰਯੋਗ ਹੈ ਕਿ ਪਰਦੀਪ ਸਿੰਘ ਬੈਂਸ ਵੱਲੋਂ ਐਨ.ਆਰ.ਆਈ ਮੀਡੀਆ ਐਂਡ ਮਾਰਕੀਟਿੰਗ ਕੰਪਨੀ ਦੇ ਨਾਮ ਹੇਠ ਦਾ ਟੀਵੀ ਐਨ.ਆਰ.ਆਈ., ਐਨ.ਆਰ.ਆਈ ਟੀਵੀ, ਟੀਵੀ ਐਨ.ਆਰ.ਆਈ ਕੈਨੇਡਾ, ਦਾ ਟੀਵੀ ਐਨ.ਆਰ.ਆਈ ਐਂਟਰਟੇਨਮੈਂਟ, ਟੀਵੀ ਐਨ.ਆਰ.ਆਈ ਸਪੋਰਟਸ, ਐਨ.ਆਰ.ਆਈ ਰਾਸ਼ਟਰੀਆ (ਹਿੰਦੀ), ਐਨ.ਆਰ.ਆਈ ਰੇਡਿਓ, ਯੁਨਾਇਟਿਡ ਐਨ.ਆਰ.ਆਈ ਪੋਸਟ ਅਖਬਾਰ, ਵੈਬ ਪੋਰਟਲ ਅਤੇ ਆਈ.ਪੀ ਟੀਵੀ ਤੋਂ ਇਲਾਵਾ ਹੋਰ ਵੀ ਅਦਾਰੇ ਚਲਾਏ ਜਾ ਰਹੇ ਹਨ। ਮੀਡੀਆ ਦੇ ਨਾਲ ਨਾਲ ਪਰਦੀਪ ਸਿੰਘ ਬੈਂਸ ਕੈਨੇਡਾ ‘ਚ ਆਪਣਾ ਕਾਰੋਬਾਰ ਵੀ ਕਰਦੇ ਹਨ ਜਦਕਿ ਭਾਰਤ ਵਿੱਚ ਵੀ ਉਨ੍ਹਾਂ ਵੱਲੋਂ ਸੈਂਕੜੇ ਲੋਕਾਂ ਨੂੰ ਰੁਜ਼ਗਾਰ ਦਿੱਤਾ ਗਿਆ ਹੈ।
ਕੈਨੇਡਾ ‘ਚ ਬੈਠ ਕੇ ਭਾਰਤ ਸਰਕਾਰ ਦੇ ਹੱਕ ਦੀ ਗੱਲ ਕਰਨੀ ਸੌਖਾ ਕੰਮ ਨਹੀਂ ਪਰ ਪਰਦੀਪ ਸਿੰਘ ਬੈਂਸ ਦੇ ਲਾਗਲੇ ਸਾਥੀਆਂ ਤੋਂ ਪਤਾ ਲੱਗਾ ਹੈ ਕਿ ਬੈਂਸ ਨੇ ਕਦੇ ਕਿਸੇ ਧਮਕੀ ਦੀ ਪਰਵਾਹ ਨਹੀਂ ਕੀਤੀ ਪਰ ਕਿਉਂਕਿ ਹੁਣ ਧਮਕੀਆਂ ਪਾਕਿਸਤਾਨ ਤੋਂ ਵੀ ਨਾਲ ਆ ਰਹੀਆਂ ਹਨ ਇਸ ਲਈ ਪਰਿਵਾਰ ਦੀ ਫਿਕਰਮੰਦੀ ਜਾਇਜ਼ ਹੈ ਜਿਸ ਕਰਕੇ ਭਾਰਤ ਸਰਕਾਰ ਨੂੰ ਬੈਂਸ ਦੀ ਭਾਰਤ ਫੇਰੀ ਦੌਰਾਨ ਉਨ੍ਹਾਂ ਦੀ ਸੁਰੱਖਿਆ ਦਾ ਖਾਸ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ।