ਕੈਨੇਡੀਅਨ PM ਟਰੂਡੋ ਨੇ ਨਰਮ ਕੀਤੇ ਭਾਰਤ ਦੇ ਸਖ਼ਤ ਰੁਖ਼ ਤੇ ਆਪਣੇ ਤੇਵਰ

by vikramsehajpal

ਓਂਟਾਰੀਓ (ਐਨ.ਆਰ.ਆਈ. ਮੀਡਿਆ) : ਭਾਰਤ ਦੇ ਘਰੇਲੂ ਮਾਮਲਿਆਂ ਵਿੱਚ ਵਿਦੇਸ਼ੀ ਦਖਲਅੰਦਾਜ਼ੀ ਦੇ ਵਿਰੁੱਧ ਨਰਿੰਦਰ ਮੋਦੀ ਸਰਕਾਰ ਦੇ ਸਖ਼ਤ ਰੁਖ਼ ਨਾਲ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਆਪਣੀ ਬਿਆਨਬਾਜ਼ੀ ਅਤੇ ਕਿਸਾਨ ਅੰਦੋਲਨ ਨੂੰ ਸਮਰਥਨ ਦੇਣ ਤੋਂ ਪਿੱਛੇ ਹਟਣਾ ਪਿਆ ਹੈ। ਪਛਲੇ ਹਫ਼ਤੇ, ਟਰੂਡੋ ਨੇ ਭਾਰਤ ਦੇ ਕਿਸਾਨ ਅੰਦੋਲਨ ਨੂੰ ਆਪਣਾ ਸਮਰਥਨ ਦਿਤਾ ਸੀ, ਇਹ ਦਾਅਵਾ ਕਰਦੇ ਹੋਏ ਕਿ ਸਥਿਤੀ ਚਿੰਤਾਜਨਕ ਹੈ।

ਕੈਨੇਡਾ ਦੇ ਸਰਕਾਰੀ ਹਲਕਿਆਂ ਵਿੱਚ ਦਹਿਸ਼ਤ
ਟੋਰਾਂਟੋ ਵਿੱਚ ਸੂਤਰਾਂ ਨੇ ਦੱਸਿਆ ਕਿ ਟਰੂਡੋ ਦੀ ਟਿੱਪਣੀ 'ਤੇ ਮੋਦੀ ਸਰਕਾਰ ਵੱਲੋਂ ਨਵੀਂ ਦਿੱਲੀ ਵਿੱਚ ਕੈਨੇਡੀਅਨ ਰਾਜਦੂਤ ਨੂੰ ਬੁਲਾਉਣ ਅਤੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਦੇ ਇਸ ਐਲਾਨ ਤੋਂ ਬਾਅਦ ਕਿ ਉਹ ਕੋਵਿਡ-19 (ਐਮਸੀਜੀਸੀ) 'ਤੇ ਕੈਨੇਡਾ ਦੀ ਅਗਵਾਈ ਵਾਲੇ ਮੰਤਰੀ ਸਮੂਹ ਨੂੰ ਛੱਡ ਦੇਣਗੇ, ਕੈਨੇਡਾ ਦੇ ਸਰਕਾਰੀ ਹਲਕਿਆਂ ਵਿੱਚ ਦਹਿਸ਼ਤ ਫੈਲ ਗਈ।

ਦੋ-ਪੱਖੀ ਵਪਾਰ ਵਿੱਚ ਆਈ ਕਮੀ
ਭਾਰਤ ਸਰਕਾਰ ਨੇ ਸਾਫ਼ ਸੰਦੇਸ਼ ਭੇਜਿਆ ਸੀ ਕਿ ਇਸ ਤਰ੍ਹਾਂ ਦੇ ਵਿਵਹਾਰ ਨਾਲ ਦੋ-ਪੱਖੀ ਵਪਾਰ ਪ੍ਰਭਾਵਿਤ ਹੋਵੇਗਾ, ਕਿਉਂਕਿ ਇਹ ਟਰੂਡੋ ਸਰਕਾਰ ਵਿੱਚ ਪਹਿਲਾਂ ਵੀ ਹੋ ਚੁੱਕਿਆ ਹੈ। ਭਾਰਤ ਅਤੇ ਕੈਨੇਡਾ ਵਿਚਾਲੇ ਦੋ-ਪੱਖੀ ਵਪਾਰ ਟਰੂਡੋ ਦੇ ਖਾਲਿਸਤਾਨੀ ਸਮਰਥੱਕ ਦ੍ਰਿਸ਼ਟੀਕੋਣ ਦੇ ਚਲਦਿਆਂ 2017-18 ਤੋਂ 2018-19 ਤੱਕ ਲਗਭਗ ਇੱਕ ਬਿਲੀਅਨ ਘੱਟ ਹੋ ਗਿਆ।

ਕੈਨੇਡੀਅਨ ਨਿਵੇਸ਼ਕ ਚਾਹੁੰਦੇ ਹਨ ਚੰਗੇ ਸੰਬੰਧ
ਭਾਰਤ ਅਤੇ ਕੈਨੇਡਾ ਵਿਚਕਾਰ ਦੋ-ਪੱਖੀ ਵਪਾਰ 2017-18 ਵਿੱਚ 7.23 ਬਿਲੀਅਨ ਡਾਲਰ ਦਾ ਸੀ। ਇਸ ਸਮੇਂ ਦੌਰਾਨ ਕੈਨੇਡਾ ਨੂੰ ਭਾਰਤ ਦਾ ਨਿਰਯਾਤ 2.51 ਬਿਲੀਅਨ ਡਾਲਰ ਅਤੇ ਕੈਨੇਡਾ ਤੋਂ ਆਯਾਤ 4.72 ਬਿਲੀਅਨ ਡਾਲਰ ਸੀ, ਜੋ ਕਿ ਸਾਲ 2018-19 ਵਿੱਚ 6.3 ਬਿਲੀਅਨ ਡਾਲਰ ਦਾ ਸੀ। ਕੈਨੇਡੀਅਨ ਨਿਵੇਸ਼ਕ ਭਾਰਤ ਨੂੰ ਨਿਵੇਸ਼ ਲਈ ਇੱਕ ਵਧੀਆ ਦੇਸ਼ ਮੰਨਦੇ ਹਨ, ਵਿਸ਼ੇਸ਼ ਤੌਰ 'ਤੇ ਕੋਰੋਨਾ ਵਾਇਰਸ ਤੋਂ ਬਾਅਦ ਦੇ ਸਮੇਂ ਦੌਰਾਨ। 400 ਤੋਂ ਵੱਧ ਕੈਨੇਡੀਅਨ ਕੰਪਨੀਆਂ ਦੀ ਭਾਰਤ ਵਿੱਚ ਮੌਜੂਦਗੀ ਹੈ ਅਤੇ 1000 ਤੋਂ ਵੱਧ ਕੰਪਨੀਆਂ ਸਰਗਰਮ ਰੂਪ ਵਿੱਚ ਭਾਰਤੀ ਬਾਜ਼ਾਰ ਵਿੱਚ ਕਾਰੋਬਾਰ ਕਰ ਰਹੀਆਂ ਹਨ।

ਖ਼ਾਲਿਸਤਾਨ ਅੰਦੋਲਨ ਦੇ ਸਮਰਥਕਾਂ ਦਾ ਹੈ ਦਬਾਅ
ਕੈਨੇਡਾ ਵਿੱਚ 6 ਲੱਖ ਪਰਵਾਸੀ ਸਿੱਖ ਹਨ, ਜਿਨ੍ਹਾਂ ਨੂੰ ਟਰੂਡੋ ਦੀ ਲਿਬਰਲ ਪਾਰਟੀ ਤੋਂ ਲੈ ਕੇ ਸਾਰੇ ਦਲ ਆਪਣੇ ਵੱਲ ਖਿੱਚਣਾ ਚਾਹੁੰਦੇ ਹਨ। ਕੈਨੇਡਾ ਵਿੱਚ ਸਿੱਖਾਂ ਦਾ ਇੱਕ ਵੱਡਾ ਵਰਗ ਵਿਚਾਰਕ ਤੌਰ 'ਤੇ ਖ਼ਾਲਿਸਤਾਨ ਅੰਦੋਲਨ ਦਾ ਸਮਰਥਕ ਰਿਹਾ ਹੈ। 1980 ਦੇ ਦਹਾਕੇ ਦੌਰਾਨ ਪੰਜਾਬ ਵਿੱਚ ਇੱਕ ਹਿੰਸਕ ਵੱਖਵਾਦੀ ਅੱਤਵਾਦੀ ਅੰਦੋਲਨ ਪਾਕਿਸਤਾਨ ਵੱਲੋਂ ਆਯੋਜਿਤ ਸੀ। ਹਾਲਾਂਕਿ ਪੰਜਾਬ ਵਿੱਚ ਉਗਰਵਾਦ ਦਾ ਸਫ਼ਾਇਆ ਹੋ ਚੁੱਕਿਆ ਹੈ, ਪਿਛਲੇ ਪੰਜ ਸਾਲਾਂ ਵਿੱਚ ਪਾਕਿਸਤਾਨ ਦੀ ਜਾਸੂਸ ਏਜੰਸੀ ਆਈਐਸਆਈ ਕੈਨੇਡਾ, ਯੂਕੇ ਅਤੇ ਹੋਰ ਥਾਂਵਾਂ 'ਤੇ ਸਿੱਖ ਪਰਵਾਸੀਆਂ ਦੀ ਮਦਦ ਨਾਲ ਅੰਦੋਲਨ ਨੂੰ ਮੁੜ ਤੋਂ ਸਰਗਰਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।