ਵੈਕਸੀਨ ਦੀ ਸਪਲਾਈ ’ਚ ਆਵੇ ਤੇਜ਼ੀ : ਕੈਪਟਨ ਅਮਰਿੰਦਰ

by vikramsehajpal

ਜਲੰਧਰ (ਦੇਵ ਇੰਦਰਜੀਤ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵਿਆ ਨੂੰ ਮੁੜ ਅਪੀਲ ਕੀਤੀ ਹੈ ਕਿ ਉਹ ਪੰਜਾਬ ਲਈ ਕੋਵਿਡ ਵੈਕਸੀਨ ਦੀ ਸਪਲਾਈ ਨੂੰ ਤੇਜ਼ ਕਰਨ। ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਅਤੇ ਸਿਹਤ ਮੰਤਰੀ ਨੂੰ ਕਿਹਾ ਕਿ ਕੋਵਿਡ ਦੀ ਤੀਜੀ ਲਹਿਰ ਤੋਂ ਪੰਜਾਬ ਨੂੰ ਸੁਰੱਖਿਅਤ ਰੱਖਣ ਲਈ ਜ਼ਰੂਰੀ ਹੈ ਕਿ ਸੂਬੇ ’ਚ ਟੀਕਾਕਰਣ ਮੁਹਿੰਮ ਨੂੰ ਤੇਜ਼ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਸੂਬੇ ’ਚ ਭਾਵੇਂ 83 ਲੱਖ ਲੋਕਾਂ ਨੂੰ ਕੋਵਿਡ ਦਾ ਟੀਕਾ ਲੱਗ ਚੁੱਕਿਆ ਹੈ ਪਰ ਫਿਰ ਵੀ ਪੰਜਾਬ ’ਚ ਰੋਜ਼ਾਨਾ 6 ਲੱਖ ਲੋਕਾਂ ਨੂੰ ਟੀਕਾ ਲੱਗਣਾ ਚਾਹੀਦਾ ਹੈ। ਕੋਵਿਡ ਦੀ ਪਹਿਲੀ ਅਤੇ ਦੂਜੀ ਲਹਿਰ ਨੇ ਸੂਬੇ ਦੀ ਅਰਥਵਿਵਸਥਾ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਉਨ੍ਹਾਂ ਕਿਹਾ ਕਿ ਇਹ ਗੱਲ ਉਚਿਤ ਨਹੀਂ ਹੈ ਕਿ ਪੰਜਾਬ ’ਚ ਕੋਵਿਸ਼ੀਲਡ ਅਤੇ ਹੋਰ ਕੰਪਨੀਆਂ ਦੀ ਵੈਕਸੀਨ ਨਾ ਹੋਣ ਕਾਰਨ ਲੋਕਾਂ ਨੂੰ ਕਈ-ਕਈ ਦਿਨ ਟੀਕਾ ਨਾ ਲੱਗੇ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੇਂਦਰ ਜੇਕਰ ਪੰਜਾਬ ਨੂੰ ਸਹਿਯੋਗ ਕਰੇ ਤਾਂ ਸੰਭਵੀ ਤੀਜੀ ਲਹਿਰ ਨਾਲ ਸੂਬੇ ’ਚ ਘੱਟ ਤੋਂ ਘੱਟ ਨੁਕਸਾਨ ਹੋਵੇਗਾ। ਕੋਵਿਡ ਮਹਾਮਾਰੀ ਤੋਂ ਬਚਣ ਲਈ ਜ਼ਰੂਰੀ ਹੈ ਕਿ ਸਾਰੇ ਲੋਕਾਂ ਨੂੰ ਟੀਕਾ ਲਗਾਇਆ ਜਾਵੇ। ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ’ਚ ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ ’ਤੇ ਬੈਠੇ ਕਿਸਾਨਾਂ ਲਈ ਵੀ ਪੰਜਾਬ ਸਰਕਾਰ ਨੇ ਆਪਣੇ ਵਲੋਂ ਕੋਵਿਡ ਵੈਕਸੀਨ ਪਹਿਲਾਂ ਹੀ ਭੇਜ ਦਿੱਤੀ ਸੀ। ਇਸ ਨਾਲ ਕਿਸਾਨਾਂ ਦਾ ਬਚਾਅ ਕੀਤਾ ਜਾ ਸਕੇਗਾ। ਮੁੱਖ ਮੰਤਰੀ ਨੇ ਕਿਹਾ ਕਿ ਇਹ ਜ਼ਰੂਰੀ ਹੋ ਗਿਆ ਹੈ ਕਿ ਲੋਕਾਂ ਨੂੰ ਅਜੇ ਕੋਵਿਡ ਸਬੰਧੀ ਪ੍ਰੋਟੋਕਾਲ ਦੀ ਪੂਰੀ ਤਰ੍ਹਾਂ ਪਾਲਣਾ ਕਰਨੀ ਹੋਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਭਾਵੇਂ ਸੂਬੇ ਨੂੰ ਅਨਲਾਕ ਕਰ ਦਿੱਤਾ ਹੈ ਪਰ ਫਿਰ ਵੀ ਕੋਵਿਡ ਦਾ ਖ਼ਤਰਾ ਅਜੇ ਟਲਿਆ ਨਹੀਂ ਹੈ। ਲੋਕਾਂ ਨੂੰ ਮਾਸਕ ਪਹਿਨ ਕੇ ਰੱਖਣਾ ਹੋਵੇਗਾ ਅਤੇ ਸਮਾਜਕ ਦੂਰੀ ਬਣਾ ਕੇ ਰੱਖਣੀ ਹੋਵੇਗੀ। ਅਜਿਹਾ ਕਰਨ ਨਾਲ ਹੀ ਕੋਵਿਡ ਤੋਂ ਬਚਿਆ ਜਾ ਸਕੇਗਾ।

More News

NRI Post
..
NRI Post
..
NRI Post
..