ਕੈਪਟਨ ਅਤੇ ਸਿੱਧੂ ਦੀ ਹੋਵੇਗੀ 20 ਜੂਨ ਨੂੰ ਸੋਨੀਆ ਗਾਂਧੀ ਨਾਲ ਮੀਟਿੰਗ

by vikramsehajpal

ਦਿੱਲੀ (ਦੇਵ ਇੰਦਰਜੀਤ) : ਸੋਨੀਆ ਗਾਂਧੀ ਨੇ ਪੰਜਾਬ ਦੀ ਸੀਨੀਅਰ ਲੀਡਰਸ਼ਿਪ ਨੂੰ ਦਿੱਲੀ ਬੁਲਾਇਆ ਹੈ ਤਾਂ ਕਿ ਫ਼ੈਸਲੇ ਤੋਂ ਪਹਿਲਾਂ ਅੰਤਿਮ ਦੌਰ ਦੀ ਗੱਲਬਾਤ ਕਰ ਕੇ ਸਰਵਸੰਮਤੀ ਦਾ ਰਾਹ ਤਿਆਰ ਕੀਤਾ ਜਾ ਸਕੇ। ਖ਼ਾਸ ਤੌਰ ’ਤੇ ਇਹ ਬੈਠਕ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਵਿਚਕਾਰ ਚੱਲੀ ਆ ਰਹੀ ਤਲਖ਼ੀ ਨੂੰ ਦੂਰ ਕਰਨ ’ਤੇ ਕੇਂਦਰਿਤ ਰਹੇਗੀ। ਕਿਹਾ ਜਾ ਰਿਹਾ ਹੈ ਕਿ ਸੋਨੀਆ ਗਾਂਧੀ ਇਕੱਠੇ ਸਾਰੇ ਸੀਨੀਅਰ ਆਗੂਆਂ ਨੂੰ ਬਿਠਾ ਕੇ ਗੱਲ ਕਰ ਸਕਦੇ ਹਨ ਤਾਂ ਕਿ ਆਹਮੋ-ਸਾਹਮਣੇ ਬੈਠ ਕੇ ਸਾਰੇ ਗਿਲੇ- ਸ਼ਿਕਵੇ ਦੂਰ ਹੋਣ ਅਤੇ ਅਗਲੀਆਂ ਵਿਧਾਨ ਸਭਾ ਚੋਣਾਂ ਦੀ ਰਣਨੀਤੀ ਨੂੰ ਅਮਲੀਜ਼ਾਮਾ ਪੁਆਇਆ ਜਾ ਸਕੇ।

ਧੜੇਬੰਦੀ ਕਾਰਨ 2022 ਦੀਆਂ ਵਿਧਾਨ ਸਭਾ ਚੋਣਾਂ ਸਬੰਧੀ ਪੰਜਾਬ ਕਾਂਗਰਸ ਦਾ ਸਿਆਸੀ ਹਿਸਾਬ ਲਗਾਤਾਰ ਵਿਗੜਦਾ ਜਾ ਰਿਹਾ ਹੈ। ਉਸ ’ਤੇ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਗਠਜੋੜ ਨੇ ਕਾਂਗਰਸ ਸਾਹਮਣੇ ਨਵੀਂ ਚੁਣੌਤੀ ਖੜ੍ਹੀ ਕਰ ਦਿੱਤੀ ਹੈ। ਇਨ੍ਹਾਂ ਬਦਲੇ ਸਮੀਕਰਨਾਂ ਕਾਰਨ ਕਾਂਗਰਸ ਹਾਈਕਮਾਨ ਸਿੱਧਾ ਫ਼ੈਸਲਾ ਸੁਣਾ ਕੇ ਅਜਿਹਾ ਕੋਈ ਜ਼ੋਖਮ ਨਹੀਂ ਲੈਣਾ ਚਾਹੁੰਦੀ ਹੈ, ਜੋ 2022 ਦੀ ਫਤਹਿ ਵਿਚ ਅੜਚਣ ਬਣੇ। ਖ਼ਾਸ ਤੌਰ ’ਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ’ਤੇ ਸਭ ਦੀ ਨਜ਼ਰ ਹੈ। ਕਾਂਗਰਸ ਹਾਈਕਮਾਨ ਨੂੰ ਵੀ ਇਸ ਗੱਲ ਦਾ ਇਲਮ ਹੈ ਕਿ ਸਿੱਧੂ ਪੰਜਾਬ ਦੀ ਸਿਆਸਤ ਵਿਚ ਬੇਹੱਦ ਅਹਿਮ ਕਿਰਦਾਰ ਹਨ, ਜਿਨ੍ਹਾਂ ਦਾ ਚੰਗਾ ਜਨ ਆਧਾਰ ਹੈ। ਅਜਿਹੇ ਸਮੇਂ ਸਿੱਧੂ ਦੀ ਨਰਾਜ਼ਗੀ 2022 ਦੀ ਜਿੱਤ ’ਚ ਅੜਿੱਕਾ ਪਾ ਸਕਦੀ ਹੈ।

ਪੰਜਾਬ ਕਾਂਗਰਸ ’ਚ ਮਚੇ ਘਮਾਸਾਨ ਸਬੰਧੀ ਕਾਂਗਰਸ ਹਾਈਕਮਾਨ ਨੇ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਦਿੱਲੀ ਤਲਬ ਕੀਤਾ ਹੈ। 20 ਜੂਨ ਨੂੰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਕੈਪਟਨ ਅਤੇ ਸਿੱਧੂ ਸਹਿਤ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਮੁਲਾਕਾਤ ਕਰਨਗੇ। ਦੱਸਿਆ ਜਾ ਰਿਹਾ ਹੈ ਕਿ ਇਸ ਬੈਠਕ ’ਚ ਮੱਲਿਕਾਰਜੁਨ ਕਮੇਟੀ ਦੀਆਂ ਸਿਫਾਰਿਸ਼ਾਂ ਅਤੇ ਸੁਝਾਵਾਂ ’ਤੇ ਸੀਨੀਅਰ ਆਗੂਆਂ ਨਾਲ ਮੰਥਨ ਕੀਤਾ ਜਾਵੇਗਾ। ਨਾਲ ਹੀ ਕੈਪਟਨ ਅਤੇ ਸਿੱਧੂ ਵਿਚਕਾਰ ਚੱਲ ਰਹੇ ਸ਼ੀਤਯੁੱਧ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਵੀ ਮੱਲਿਕਾਰਜੁਨ ਕਮੇਟੀ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ ਸੀ। ਕਿਹਾ ਜਾ ਰਿਹਾ ਹੈ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਬੁਲਾਈ ਗਈ ਇਹ ਬੈਠਕ ਰਾਹੁਲ ਗਾਂਧੀ ਦੀ ਬੈਠਕ ਦਾ ਅਗਲਾ ਪੜਾਅ ਹੈ। ਰਾਹੁਲ ਗਾਂਧੀ ਨੇ ਕਮੇਟੀ ਦੇ ਮੈਂਬਰਾਂ ਨਾਲ ਗੱਲਬਾਤ ਕਰ ਕੇ ਕਾਂਗਰਸ ਪ੍ਰਧਾਨ ਨੂੰ ਪੂਰੇ ਮਾਮਲੇ ਤੋਂ ਜਾਣੂੰ ਕਰਵਾ ਦਿੱਤਾ ਹੈ ਅਤੇ ਹੁਣ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਇਸ ’ਤੇ ਫ਼ੈਸਲਾ ਸੁਣਾਉਣਾ ਹੈ।

ਇਹੀ ਕਾਰਨ ਹੈ ਕਿ ਹਾਈਕਮਾਨ ਅਜਿਹਾ ਫ਼ੈਸਲਾ ਚਾਹੁੰਦੀ ਹੈ, ਜਿਸ ਵਿਚ ਸਭ ਦੀ ਸਰਬਸੰਮਤੀ ਹੋਵੇ ਅਤੇ ਇਸ ਲਈ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੂੰ ਦਿੱਲੀ ਬੁਲਾਇਆ ਗਿਆ ਹੈ। ਇਸ ਤੋਂ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਮੱਲਿਕਾਰਜੁਨ ਕਮੇਟੀ ਦੀ ਰਿਪੋਰਟ ਤੋਂ ਬਾਅਦ ਹਾਈਕਮਾਨ ਸਿੱਧੇ ਫੈਸਲਾ ਸੁਣਾਏਗੀ। ਉੱਧਰ, ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਵੀ ਮੰਤਰੀਆਂ, ਵਿਧਾਇਕਾਂ ਅਤੇ ਪਾਰਟੀ ਨੇਤਾਵਾਂ ਸਮੇਤ ਨੌਜਵਾਨ ਨੇਤਾਵਾਂ ਨਾਲ ਬੈਠਕਾਂ ਦਾ ਦੌਰ ਸ਼ੁਰੂ ਕਰ ਦਿੱਤਾ ਹੈ। ਪਿਛਲੇ ਦਿਨੀਂ ਉਨ੍ਹਾਂ ਨੇ ਜਿਥੇ ਚੰਡੀਗੜ੍ਹ ਸਥਿਤ ਸਰਕਾਰੀ ਘਰ ’ਚ ਨੌਜਵਾਨ ਨੇਤਾਵਾਂ ਨਾਲ ਗੱਲਬਾਤ ਕੀਤੀ, ਉਥੇ ਹੀ ਮੰਗਲਵਾਰ ਨੂੰ ਕਈ ਵਿਧਾਇਕਾਂ ਅਤੇ ਮੰਤਰੀਆਂ ਨਾਲ ਮੁਲਾਕਾਤ ਕੀਤੀ। ਦੱਸਿਆ ਜਾ ਰਿਹਾ ਹੈ ਕਿ ਬੁੱਧਵਾਰ ਨੂੰ ਵੀ ਮੁੱਖ ਮੰਤਰੀ ਦੀਆਂ ਬੈਠਕਾਂ ਦਾ ਦੌਰ ਜਾਰੀ ਰਿਹਾ। ਕਿਹਾ ਜਾ ਰਿਹਾ ਹੈ ਕਿ ਮੁੱਖ ਮੰਤਰੀ ਪੰਜਾਬ ਕਾਂਗਰਸ ਵਿਚ ਵਗ ਰਹੀ ਉਲਟੀ ਹਵਾ ਨੂੰ ਸਿੱਧੀ ਕਰਨ ਵਿਚ ਲੱਗੇ ਹਨ ਤਾਂ ਕਿ ਅਗਲੀਆਂ ਵਿਧਾਨ ਸਭਾ ਚੋਣਾਂ ’ਚ ਜਿੱਤ ਪੱਕੀ ਹੋ ਸਕੇ।