ਕੈਪਟਨ ਕਾਂਗਰਸ ਪਾਰਟੀ ਛੱਡਣ ਦੀ ਥਾਂ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨ : ਗੁਰਜੀਤ ਸਿੰਘ ਔਜਲਾ

by vikramsehajpal

ਅੰਮ੍ਰਿਤਸਰ (ਦੇਵ ਇੰਦਰਜੀਤ) : ਕੈਪਟਨ ਵੱਲੋਂ ਨਵੀਂ ਪਾਰਟੀ ਬਣਾਉਣ ਦੇ ਐਲਾਨ ਮਗਰੋਂ ਪੰਜਾਬ 'ਚ ਸਿਆਸਤ ਪੂਰੀ ਤਰ੍ਹਾਂ ਭਖ ਗਈ ਹੈ।ਇੱਕ ਪਾਸੇ ਜਿੱਥੇ ਕੈਪਟਨ ਸਮਰਥਕ ਇਸ ਫ਼ੈਸਲੇ ਨੂੰ ਸਹੀ ਕਹਿ ਰਹੇ ਹਨ ਉਥੇ ਹੀ ਦੂਜੇ ਪਾਸੇ ਕਾਂਗਰਸ ਦੇ ਮੰਤਰੀ ਤੇ ਵਿਧਾਇਕ ਕੈਪਟਨ ਦੇ ਇਸ ਫ਼ੈਸਲਾ ਦਾ ਵਿਰੋਧ ਕਰ ਰਹੇ ਹਨ।

ਹੁਣ ਅੰਮ੍ਰਿਤਸਰ ਤੋਂ ਸਾਂਸਦ ਗੁਰਜੀਤ ਸਿੰਘ ਔਜਲਾ ਨੇ ਵੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਕ ਨਸੀਹਤ ਦਿੱਤੀ ਹੈ। ਔਜਲਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਪਾਰਟੀ ਛੱਡਣ ਦੀ ਥਾਂ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨ।

ਔਜਲਾ ਨੇ ਕਿਹਾ ਕਿ ਇਹ ਮੰਦਭਾਗੀ ਗੱਲ ਹੈ ਕਿ ਕੈਪਟਨ ਕਾਂਗਰਸ ਛੱਡ ਕੇ ਨਵੀਂ ਪਾਰਟੀ ਬਣਾ ਰਹੇ ਹਨ। ਕੈਪਟਨ ਕਾਂਗਰਸ ’ਚ ਜਿੱਥੇ ਇੰਨਾ ਸਮਾਂ ਰਹੇ ਹਨ, ਉਥੇ ਥੋੜ੍ਹਾ ਸਮਾਂ ਹੋਰ ਰੁਕ ਜਾਂਦੇ ਤਾਂ ਪਾਰਟੀ ਉਨ੍ਹਾਂ ਦੀਆਂ ਸੇਵਾਵਾਂ ਬਦਲੇ ਵੱਡੇ ਅਹੁਦੇ ਨਾਲ ਨਿਵਾਜ਼ਦੀ।

ਔਜਲਾ ਨੇ ਕਿਹਾ ਕਿ ਅਸੀਂ ਹਮੇਸ਼ਾ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਰਹੇ ਹਾਂ ਅਤੇ ਉਨ੍ਹਾਂ ਨੂੰ ਵੀ ਸਾਡੇ ਨਾਲ ਰਹਿਣਾ ਚਾਹੀਦਾ ਸੀ। ਕੈਪਟਨ ਨੇ ਹਮੇਸ਼ਾ ਕਾਂਗਰਸ ਪਾਰਟੀ ਦੀ ਪ੍ਰੋੜਤਾ ਕੀਤੀ ਅਤੇ ਅਸੀਂ ਉਨ੍ਹਾਂ ਦੀ ਪ੍ਰੋੜਤਾ ਕਰਦੇ ਆਏ ਹਾਂ।

ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਹਰ ਬੰਦੇ ਦਾ ਇਕ ਸਮਾਂ ਹੁੰਦਾ ਹੈ। ਕਿਸੇ ਨੇ ਕਦੋਂ ਮੰਤਰੀ ਬਣਨਾ, ਕਦੋਂ ਨਹੀਂ, ਇਸ ਦਾ ਵੀ ਇਕ ਸਮਾਂ ਹੁੰਦਾ ਹੈ। ਕੈਪਟਨ ਜਦੋਂ ਮੁੱਖ ਮੰਤਰੀ ਬਣਦੇ ਸਨ ਤਾਂ ਉਨ੍ਹਾਂ ਦਾ ਸਾਥ ਸਭ ਆਗੂਆਂ ਅਤੇ ਵਰਕਰਾਂ ਨੇ ਦਿੱਤਾ। ਇਸ ਲਈ ਕੈਪਟਨ ਅਮਰਿੰਦਰ ਸਿੰਘ ਨੂੰ ਮੁੜ ਪਾਰਟੀ ਦਾ ਸਾਥ ਦੇਣਾ ਚਾਹੀਦਾ ਹੈ।

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਪਾਰਟੀ ਤੋਂ ਨਾਰਾਜ਼ ਚੱਲੇ ਆ ਰਹੇ ਹਨ, ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਵੱਖਰੀ ਪਾਰਟੀ ਬਣਾਉਣ ਦਾ ਫ਼ੈਸਲਾ ਕਰ ਲਿਆ ਹੈ।

ਕੈਪਟਨ ਅਮਰਿੰਦਰ ਸਿੰਘ ਆਪਣੀ ਪਾਰਟੀ ਨਵਜੋਤ ਸਿੱਧੂ ਨੂੰ ਹਰਾਉਣ ਦੇ ਲਈ ਬਣਾ ਰਹੇ ਹਨ, ਕਿਉਂਕਿ ਉਹ ਕਹਿੰਦੇ ਹਨ ਕਿ ਉਹ ਨਵਜੋਤ ਸਿੱਧੂ ਨੂੰ ਕਿਸੇ ਵੀ ਕੀਮਤ ’ਤੇ ਜਿੱਤਣ ਨਹੀਂ ਦੇਣਗੇ।