ਸਿੱਧੂ ਦੇ ਪ੍ਰਧਾਨ ਬਨਣ ਤੋਂ ਬਾਅਦ ਕੈਪਟਨ ਐਕਸ਼ਨ ‘ਚ

by vikramsehajpal

ਚੰਡੀਗੜ੍ਹ (ਦੇਵ ਇੰਦਰਜੀਤ) : ਪੰਜਾਬ ਵਿਚ ਕਾਂਗਰਸ ਦੇ ਸੂਬਾ ਪ੍ਰਧਾਨ ਦੇ ਅਹੁਦੇ ’ਤੇ ਨਵਜੋਤ ਸਿੱਧੂ ਦਾ ਐਲਾਨ ਹੋਣ ਪਿੱਛੋਂ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਰਟੀ ਦੇ ਸੰਸਦ ਮੈਂਬਰਾਂ ਤੇ ਵਿਧਾਇਕਾਂ ਨੂੰ ਪੂਰਾ ਸਮਾਂ ਦੇਣ ਦਾ ਫ਼ੈਸਲਾ ਕੀਤਾ ਹੈ। ਸੂਤਰਾਂ ਅਨੁਸਾਰ ਕੈਪਟਨ 21 ਜੁਲਾਈ ਨੂੰ ਪੰਜਾਬ ਨਾਲ ਸਬੰਧਤ ਲੋਕ ਸਭਾ ਅਤੇ ਰਾਜ ਸਭਾ ਦੇ ਸੰਸਦ ਮੈਂਬਰਾਂ ਅਤੇ ਪਾਰਟੀ ਵਿਧਾਇਕਾਂ ਨਾਲ ਅਹਿਮ ਬੈਠਕ ਕਰ ਸਕਦੇ ਹਨ। ਉਂਝ ਤਾਂ ਮੁੱਖ ਮੰਤਰੀ ਨੇ ਅੱਜ ਤੋਂ ਹੀ ਵਿਧਾਇਕਾਂ ਨਾਲ ਬੈਠਕਾਂ ਸ਼ੁਰੂ ਕਰ ਦਿੱਤੀਆਂ ਹਨ, ਜਿਨ੍ਹਾਂ ਵਿਚ ਉਨ੍ਹਾਂ ਦੇ ਵਿਧਾਨ ਸਭਾ ਹਲਕਿਆਂ ਨਾਲ ਸਬੰਧਤ ਸਮੱਸਿਆਵਾਂ ਤੇ ਵਿਕਾਸ ਪ੍ਰਾਜੈਕਟਾਂ ’ਤੇ ਚਰਚਾ ਕਰ ਕੇ ਮੁੱਖ ਮੰਤਰੀ ਨੇ ਗ੍ਰਾਂਟਾਂ ਜਾਰੀ ਕਰਨ ਦੇ ਹੁਕਮ ਜਾਰੀ ਕੀਤੇ ਹਨ।

ਬੁੱਧਵਾਰ ਨੂੰ ਮੁੱਖ ਮੰਤਰੀ ਪਾਰਟੀ ਦੇ ਸੰਸਦ ਮੈਂਬਰਾਂ ਤੇ ਵਿਧਾਇਕਾਂ ਨਾਲ ਉਨ੍ਹਾਂ ਦੇ ਸੰਸਦੀ ਤੇ ਵਿਧਾਨ ਸਭਾ ਹਲਕਿਆਂ ਵਿਚ ਕੀਤੇ ਜਾਣ ਵਾਲੇ ਵਿਕਾਸ ਕਾਰਜਾਂ ’ਤੇ ਚਰਚਾ ਕਰਨਗੇ। ਪਾਰਟੀ ਦੇ ਸੰਸਦ ਮੈਂਬਰਾਂ ਨਾਲ ਕੈਪਟਨ ਨੇ ਹਰ ਹਫਤੇ ਬੈਠਕਾਂ ਕਰਨ ਦਾ ਫੈਸਲਾ ਕੀਤਾ ਹੈ। ਉਹ ਰੋਜ਼ਾਨਾ ਪਾਰਟੀ ਵਿਧਾਇਕਾਂ ਨੂੰ ਵੀ ਮਿਲਿਆ ਕਰਨਗੇ।ਕੈਪਟਨ ਦੀ ਇਸ ਨਵੀਂ ਪਹਿਲ ਦਾ ਉਦੇਸ਼ ਪਾਰਟੀ ਨੂੰ ਆਉਂਦੀਆਂ ਚੋਣਾਂ ਤੋਂ ਪਹਿਲਾਂ ਮਜ਼ਬੂਤੀ ਦੇਣ ਦੇ ਨਾਲ-ਨਾਲ ਸਰਕਾਰ ਵਲੋਂ ਚੁੱਕੇ ਗਏ ਕਦਮਾਂ ਬਾਰੇ ਹੇਠਲੇ ਪੱਧਰ ’ਤੇ ਜਾਣਕਾਰੀ ਪਹੁੰਚਾਉਣਾ ਵੀ ਹੈ। ਉਹ ਹੁਣ ਪਾਰਟੀ ਨੇਤਾਵਾਂ ਤੋਂ ਜ਼ਮੀਨੀ ਪੱਧਰ ਦੀ ਜਾਣਕਾਰੀ ਲਿਆ ਕਰਨਗੇ।