ਅਫਸਰਾਂ ਤੋਂ ਪੈਸੇ ਲੈ ਅਰੂਸਾ ਨੂੰ ਦਿੰਦੇ ਸੀ ਕੈਪਟਨ ਤੋਹਫ਼ੇ : ਨਵਜੋਤ ਕੌਰ ਸਿੱਧੂ

by vikramsehajpal

ਚੰਡੀਗੜ੍ਹ (ਦੇਵ ਇੰਦਰਜੀਤ) : ਬੀਤੇ ਦਿਨੀਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਰੂਸਾ ਆਲਮ ਦੀ ਸੋਨੀਆ ਗਾਂਧੀ ਨਾਲ ਹੋਈ ਮੁਲਾਕਾਤ ਦੀ ਇਕ ਤਸਵੀਰ ਸਾਂਝੀ ਕੀਤੀ ਸੀ। ਵਾਇਰਲ ਤਸਵੀਰ ਤੋਂ ਬਾਅਦ ਪੂਰੀ ਸਿਆਸਤ ’ਚ ਭੂਚਾਲ ਆ ਗਿਆ ਹੈ।

ਇਸ ਤਸਵੀਰ ਦੇ ਸਬੰਧ ’ਚ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਵਲੋਂ ਕੈਪਟਨ ਅਮਰਿੰਦਰ ਸਿੰਘ ’ਤੇ ਤਿੱਖਾ ਸ਼ਬਦੀ ਹਮਲਾ ਕੀਤਾ ਗਿਆ। ਨਵਜੋਤ ਕੌਰ ਨੇ ਕਿਹਾ ਕਿ ਕੈਪਟਨ ਆਪਣੀ ਬਾਕੀ ਦੀ ਜ਼ਿੰਦਗੀ ਅਰੂਸਾ ਆਲਮ ਦੇ ਨਾਲ ਬਿਤਾਉਣ ਅਤੇ ਉਸ ਦੇ ਪਿੱਛੇ-ਪਿੱਛੇ ਚਲੇ ਜਾਣ।

ਨਵਜੋਤ ਕੌਰ ਨੇ ਕਿਹਾ ਕਿ ਪੰਜਾਬ ’ਚ ਜਿਹੜੀ ਵੀ ਪੋਸਟਿੰਗ ਹੋਈ ਹੈ, ਉਹ ਬਿਨਾਂ ਕਿਸੇ ਅਟੈਚੀ ਦੇ ਨਹੀਂ ਹੋਈ। ਕੈਪਟਨ ਅਮਰਿੰਦਰ ਸਿੰਘ ਅਫਸਰਾਂ ਤੋਂ ਪੈਸੇ ਲੈ ਕੇ ਅਰੂਸਾ ਨੂੰ ਤੋਹਫ਼ੇ ਦਿੰਦੇ ਸਨ। ਨਵਜੋਤ ਕੌਰ ਨੇ ਕਿਹਾ ਕਿ ਮੈਂ ਆਪਣੇ ਘਰ ਵਾਲੇ ਨੂੰ ਕਦੇ ਵੀ ਅਰੂਸਾ ਦੇ ਨੇੜੇ ਨਹੀਂ ਲੱਗਣ ਦਿੱਤਾ।

ਅਰੂਸਾ ਪੰਜਾਬ ਦਾ ਸਾਰਾ ਪੈਸਾ ਲੈ ਕੇ ਦੁਬਈ ਅਤੇ ਇੰਗਲੈਂਡ ਲੈ ਕੇ ਭੱਜ ਗਈ ਹੈ। ਪੰਜਾਬ ਪੁਲਸ ਦੀ ਕੋਈ ਵੀ ਵੱਡੀ ਪੋਸਟ ਹੋਵੇ, ਅਰੂਸਾ ਤੋਂ ਪੁੱਛੇ ਬਿਨਾ ਨਹੀਂ ਸੀ ਹੁੰਦੀ।

ਨਵਜੋਤ ਕੌਰ ਨੇ ਕਿਹਾ ਕਿ ਜਿਹੜੇ ਵੀ ਅਕਾਲੀ ਵਿਅਕਤੀ ਅਰੂਸਾ ਨਾਲ ਮੁਲਾਕਾਤ ਕਰਨ ਲਈ ਜਾਂਦੇ ਸਨ, ਉਹ ਉਸ ਲਈ ਡਾਇਮੰਡ ਦੇ ਸੈੱਟ ਲੈ ਕੇ ਜਾਂਦੇ ਸਨ। ਨਵਜੋਤ ਕੌਰ ਨੇ ਕਿਹਾ ਕਿ ਕੈਪਟਨ ਤਬਾਦਲੇ ਕਰਨ ਲਈ ਪੈਸੇ ਲੈਂਦੇ ਸੀ। ਪੈਸੇ ਲੈ ਬਾਹਰਲੇ ਮੁਲਕ ਗਈ ਅਰੂਸਾ ਦੇ ਪਿੱਛੇ ਹੁਣ ਕੈਪਟਨ ਵੀ ਚਲੇ ਜਾਣ ਅਤੇ ਉਥੇ ਜਾ ਕੇ ਉਨ੍ਹਾਂ ਪੈਸਿਆਂ ਨਾਲ ਐਸ਼ ਕਰਨ।