ਓਂਟਾਰੀਓ ਡੈਸਕ (ਵਿਕਰਮ ਸਹਿਜਪਾਲ) : ਕੈਪਟਨ ਅਮਰਿੰਦਰ ਸਿੰਘ ਨੇ ਖਾਲਿਸਤਾਨੀ ਲਹਿਰ ਨੂੰ ਸਿੱਧੇ ਤੇ ਅਸਿੱਧੇ ਰੂਪ ’ਚ ਸਮਰਥਨ ਦੇਣ ਲਈ ਕੈਨੇਡਾ ਸਰਕਾਰ ਦੀ ਤਿੱਖੀ ਆਲੋਚਨਾ ਕੀਤੀ ਹੈ ਅਤੇ ਉਨ੍ਹਾਂ ਨੇ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਜੇ ਕੈਨੇਡਾ ਆਪਣੀ ਧਰਤੀ ਤੋਂ ਚਲਾਈਆਂ ਜਾ ਰਹੀਆਂ ਭਾਰਤ ਵਿਰੋਧੀ ਸਰਗਰਮੀਆਂ ਨੂੰ ਰੋਕਣ ’ਚ ਅਸਫਲ ਰਿਹਾ ਤਾਂ ਇਹ ਲੰਮੇ ਸਮੇਂ ’ਚ ਉਸ ਦੀ ਆਪਣੀ ਸੁਰੱਖਿਆ ਅਤੇ ਹਿੱਤਾਂ ਲਈ ਵੀ ਨੁਕਸਾਨਦੇਹ ਹੋਵੇਗਾ। 1985 ਦੇ ਕਨਿਸ਼ਕ ਬੰਬ ਧਮਾਕੇ ਸਬੰਧੀ ਜੋਹਨ ਮੇਜਰ ਕਮਿਸ਼ਨ ਦੀ ਪਡ਼ਤਾਲ ’ਤੇ ਟਿਪਣੀ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੈਨੇਡਾ ਆਪਣੀ ਧਰਤੀ ਤੋਂ ਖਾਲਿਸਤਾਨੀ ਸਰਗਰਮੀਆਂ ਵਿਰੁਧ ਕਾਰਵਾਈ ਕਰਨ ਵਿਚ ਅਸਫਲ ਰਿਹਾ ਹੈ ਅਤੇ ਇਸ ਨੇ ਸਾਜਿਸ਼ਕਾਰਾਂ ਨੂੰ ‘ਸਮੂਹਿਕ ਹੱਤਿਆਵਾਂ’ ਦੀ ਆਗਿਆ ਦਿੱਤੀ ਹੈ।
ਇਸ ਸਬੰਧ ਵਿਚ ਕੈਨੇਡਾ ਸਰਕਾਰ ਪੂਰੀ ਤਰ੍ਹਾਂ ਨੰਗੀ ਹੋ ਗਈ ਹੈ। ਇਸ ਨਾਲ ਇਹ ਸਪਸ਼ਟ ਹੋ ਗਿਆ ਹੈ ਕਿ ਕੈਨੇਡਾ ਭਾਰਤ ਦੇ ਵਿਰੋਧ ਦੇ ਬਾਵਜੂਦ ਖਾਲਿਸਤਾਨੀਆਂ ਨੂੰ ਸਮਰਥਨ ਦਿੰਦਾ ਹੈ। ਦੱਸ ਦਈਏ ਕਿ ਮੁੱਖ ਮੰਤਰੀ ਨੇ ਕੈਨੇਡਾ ਦੀ ਸਰਕਾਰ ਨਾਲ ਖੁਦ ਇਹ ਮੁੱਦਾ ਉਠਾਏ ਜਾਣ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਪਿਛਲੇ ਸਾਲ ਭਾਰਤ ਦੌਰੇ ਦੌਰਾਨ ਉਨ੍ਹਾਂ ਨੂੰ ਲੋਡ਼ੀਂਦੇ ਅੱਤਵਾਦੀਆਂ ਦੀ ਸੂਚੀ ਦਿੱਤੀ ਗਈ ਸੀ ਪਰ ਉਨ੍ਹਾਂ ਦੀ ਸਰਕਾਰ ਦਾ ਹੁੰਗਾਰਾ ਢਿੱਲਾ ਰਿਹਾ ਜਿਸ ਨਾਲ ਉਨ੍ਹਾਂ ਦੀ ਮਨਸ਼ਾ ਪੂਰੀ ਤਰ੍ਹਾਂ ਨੰਗੀ ਹੋ ਗਈ ਹੈ।
ਮੁੱਖ ਮੰਤਰੀ ਨੇ ਕੈਨੇਡੀਅਨ ਸਕਿਓਰਟੀ ਇੰਟੈਲੀਜੈਂਸ ਸਰਵਿਸ (ਸੀ.ਐਸ.ਆਈ.ਐਸ) ਵੱਲੋਂ ਜਾਰੀ ਕੀਤੀ 2018 ਦੀ ਪਬਲਿਕ ਰਿਪੋਰਟ ਦਾ ਜ਼ਿਕਰ ਕੀਤਾ ਅਤੇ ਉਨ੍ਹਾਂ ਨੇ ਇਸ ਦੇ ਤੱਥਾਂ ’ਤੇ ਚਿੰਤਾ ਪ੍ਰਗਟ ਕੀਤੀ ਕਿ ਕੈਨੇਡਾ ’ਚ ਭਾਰਤ ਵਿਰੋਧੀ ਸਰਗਰਮੀਆਂ ਵਧੀਆਂ ਹਨ। ਇਸ ਰਿਪੋਰਟ ਵਿੱਚ ਇਹ ਵੀ ਜ਼ਿਕਰ ਕੀਤਾ ਗਿਆ ਹੈ ਕਿ ਇਹ ਸਰਗਰਮੀਆਂ ਸਿਰਫ ਨਿਸ਼ਾਨੇ ਉਪਰਲੇ ਦੇਸ਼ ਭਾਰਤ ਲਈ ਹੀ ਚੁਣੌਤੀ ਨਹੀਂ ਹਨ ਸਗੋਂ ਕੈਨੇਡਾ ਦੀ ਸੁਰੱਖਿਆ ਲਈ ਵੀ ਚੁਣੌਤੀ ਹਨ।



