ਕਿਸ਼ਨਗੜ੍ਹ (ਨੇਹਾ): ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ 'ਤੇ ਸਥਿਤ ਅੱਡਾ ਰਾਏਪੁਰ ਰਸੂਲਪੁਰ ਦੇ ਅੱਡੇ 'ਤੇ ਬਣੇ ਰੋਡ ਕੱਟ ਵਿਖੇ ਯੂ-ਟਰਨ ਲੈ ਰਹੇ ਟਿੱਪਰ ਨਾਲ ਇੱਕ ਕਾਰ ਟਕਰਾਉਣ ਤੋਂ ਬਾਅਦ ਬੇਕਾਬੂ ਹੋ ਕੇ ਦੂਸਰੀ ਸਾਈਡ ਤੋਂ ਆ ਰਹੀ ਕਾਰ ਦੇ ਨਾਲ ਟਕਰਾਈ। ਜਿਸ ਵਿੱਚ ਤਿੰਨ ਵਿਅਕਤੀਆਂ ਦੇ ਗੰਭੀਰ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਹਾਦਸੇ ਸਬੰਧੀ ਜਾਣਕਾਰੀ ਦਿੰਦੇ ਹੋਏ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਏਐਸਆਈ ਸਤਨਾਮ ਸਿੰਘ ਨੇ ਦੱਸਿਆ ਕਿ ਸਵੇਰੇ 11: 15 ਵਜੇ ਦੇ ਕਰੀਬ ਉਨ੍ਹਾਂ ਨੂੰ ਐਮਡੀਟੀ ਡਿਵਾਈਸ ਤੋਂ ਸੂਚਨਾ ਮਿਲੀ ਕਿ ਅੱਡਾ ਰਾਏਪੁਰ ਰਸੂਲਪੁਰ ਵਿਖੇ ਕਾਰ ਟਿੱਪਰ ਅਤੇ ਇੱਕ ਹੋਰ ਕਾਰ ਦਾ ਭਿਆਨਕ ਹਾਦਸਾ ਹੋ ਗਿਆ ਹੈ। ਜਿਸ ਵਿੱਚ ਤਿੰਨ ਵਿਅਕਤੀ ਜ਼ਖਮੀ ਹੋ ਗਏ ਹਨ। ਸੂਚਨਾ ਉਪਰੰਤ ਐਸਐਸਐਫ ਟੀਮ ਨੇ ਮੌਕੇ 'ਤੇ ਜਾ ਕੇ ਦੇਖਿਆ ਤਾਂ ਇੱਕ ਟਿੱਪਰ ਨੰਬਰ ਯੂਪੀ 17 ਏਟੀ 0825 ਜਿਸ ਨੂੰ ਮਥੁਰਾ ਦਾਸ ਪੁੱਤਰ ਬਿਲਸ ਪ੍ਰਸਾਦ ਵਾਸੀ ਜ਼ਿਲ੍ਹਾ ਅਲਵਰ ਬਿਹਾਰ ਚਲਾ ਰਿਹਾ ਸੀ ਜੋ ਕਿ ਪਠਾਨਕੋਟ ਵਲੋਂ ਜਲੰਧਰ ਵੱਲ ਨੂੰ ਜਾ ਰਿਹਾ ਸੀ ਅਤੇ ਅੱਡਾ ਰਾਏਪੁਰ ਰਸੂਲਪੁਰ ਵਿਖੇ ਰੋਡ ਤੇ ਬਣੇ ਕੱਟ ਤੋਂ ਯੂ-ਟਰਨ ਲੈਣ ਲੱਗਿਆ ਸੀ।
ਨਾਲ ਇੱਕ ਕਾਰ ਜੋ ਕਿ ਪਠਾਨਕੋਟ ਵਾਲੀ ਸਾਈਡ ਤੋਂ ਜਲੰਧਰ ਵੱਲ ਨੂੰ ਜਾ ਰਹੀ ਸੀ ਨੰਬਰ ਡੀਐਲ 3ਸੀ - ਡੀਸੀ -4867 ਜਿਸ ਨੂੰ ਰਿਹਾਨ ਖਾਨ ਪੁੱਤਰ ਇਸਮਾਈਲ ਖਾਨ ਵਾਸੀ ਸੰਗਮ ਬਿਹਾਰ ਦਿੱਲੀ ਚਲਾ ਰਿਹਾ ਸੀ। ਜਿਸ ਦੀ ਰੋਡ ਵਿਚਕਾਰ ਬਣੇ ਕੱਟ ਤੋਂ ਯੂ ਟਰਨ ਲੈ ਰਹੇ ਟਿੱਪਰ ਨਾਲ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਬੇਕਾਬੂ ਹੋ ਕੇ ਦੂਸਰੀ ਸਾਈਡ ਜਲੰਧਰ ਵਾਲੀ ਸਾਈਡ ਤੋਂ ਆ ਰਹੀ ਕਾਰ ਨੰਬਰ ਯੂਪੀ 80ਐਫ ਬੀ 6685 ਜਿਸ ਨੂੰ ਅਮਿਤ ਦਾਨੀ ਪੁੱਤਰ ਐਮਪੀ ਦਾਨੀ ਵਾਸੀ ਆਗਰਾ ਚਲਾ ਰਿਹਾ ਸੀ। ਉਸ ਨਾਲ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ਵਿੱਚ ਕਾਰ ਵਿੱਚ ਸਵਾਰ ਤਿੰਨ ਵਿਅਕਤੀ ਜ਼ਖਮੀ ਹੋਏ ਜਿਨ੍ਹਾਂ ਨੂੰ ਐਸਐਸ ਐਫ ਵੱਲੋਂ ਫਸਟ ਏਡ ਉਪਰੰਤ ਪ੍ਰਾਈਵੇਟ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ।
ਇਸ ਭਿਆਨਕ ਹਾਦਸੇ ਦੌਰਾਨ ਜ਼ਖ਼ਮੀ ਹੋਏ ਵਿਅਕਤੀ ਜਿਨ੍ਹਾਂ ਵਿੱਚ ਐਮਪੀ ਦਾਨੀ ਪੁੱਤਰ ਪੀਪੀ ਦਾਨੀ, ਮੁਦਿਤਾ ਅਤੇ ਸੋਨੀਆ ਦਾਨੀ ਪਤਨੀ ਅਮਿਤ ਦਾਨੀ ਤਿੰਨੇ ਵਾਸੀ ਆਗਰਾ ਹਾਦਸੇ ਦੌਰਾਨ ਜ਼ਖ਼ਮੀ ਹੋਏ। ਜਿਨ੍ਹਾਂ ਨੂੰ ਸੜਕ ਸੁਰੱਖਿਆ ਫੋਰਸ ਦੀ ਟੀਮ ਵੱਲੋਂ ਨੇੜੇ ਦੇ ਨਿੱਜੀ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ। ਇਸ ਹਾਦਸੇ ਸਬੰਧੀ ਐਸਐਸ ਫੋਰਸ ਵੱਲੋਂ ਇਸ ਹਾਦਸੇ ਦੀ ਜਾਣਕਾਰੀ ਸੰਬੰਧਿਤ ਥਾਣਾ ਮਕਸੂਦਾ ਨੂੰ ਦਿੱਤੀ ਗਈ ਅਤੇ ਥਾਣਾ ਮਕਸੂਦਾਂ ਤੋਂ ਡਿਊਟੀ ਅਫਸਰ ਅੰਗਰੇਜ਼ ਸਿੰਘ ਮੌਕਾ 'ਤੇ ਮੌਜੂਦ ਸਨ।



