ਵੈੱਬ ਡੈਸਕ (NRI MEDIA) : ਐਤਵਾਰ ਦੁਪਹਿਰ ਨੂੰ ਜ਼ੇਕ ਗਣਤੰਤਰ ਦੇ ਉਤਰਪੂਰਵੀ ਹਿੱਸੇ ਦੇ ਇਕ ਛੋਟੇ ਪਿੰਡ ਸਰਨੋਜਿਸ ਵਿੱਚ ਇਕ ਕਾਰ ਅਤੇ ਰੇਲ ਗੱਡੀ ਦੀ ਟੱਕਰ ਕਾਰਨ 4 ਲੋਕਾਂ ਦੀ ਹੋਈ ਮੌਤ। ਇਨ੍ਹਾਂ ਚਾਰ ਲੋਕਾਂ ਦੇ ਵਿੱਚ 2 ਬਾਲਗ ਅਤੇ 2 ਬੱਚੇ ਸ਼ਾਮਿਲ ਸਨ। ਸਰਨੋਜਿਸ ਪਿੰਡ, ਜ਼ੇਕ ਗਣਤੰਤਰ ਦੇ ਹਰਾਡੇਕ ਕਰਲੋਵ ਹਿੱਸੇ ਦੇ ਵਿਚ ਹੈ। ਇਹ ਹਾਦਸਾ ਪਿੰਡ ਦੇ ਰੇਲ ਫਾਟਕ ਉੱਤੇ ਵਾਪਰਿਆ ਜਿਥੇ ਲਾਈਟਾਂ ਤਾਂ ਸਨ ਪਰ ਕੋਈ ਵੀ ਗੇਟ ਨਹੀਂ ਸੀ ਜਿਸ ਕਾਰਨ ਇਹ ਹਾਦਸਾ ਹੋਇਆ। ਇਸ ਟੱਕਰ ਦੇ ਵਿਚ ਕਾਰ ਪੂਰੀ ਤਰ੍ਹਾਂ ਤਹਿਸ ਨਹਿਸ ਹੋ ਗਈ। ਕਾਰ ਵਿਚ ਬੈਠੇ ਚਾਰੋਂ ਲੋਕ ਮੌਕੇ ਤੇ ਹੀ ਮਰ ਗਏ|
ਇਨ੍ਹਾਂ ਵਿਚ 47 ਸਾਲਾਂ ਦਾ ਇਕ ਮਰਦ ਅਤੇ 32 ਸਾਲਾਂ ਦੀ ਇਕ ਔਰਤ ਅਤੇ ਉਹਨਾਂ ਦੇ 8 ਅਤੇ 5 ਸਾਲ ਦੇ ਦੋ ਬੱਚੇ ਸਨ। ਇਸ ਹਾਦਸੇ ਤੋਂ ਬਾਅਦ 7 ਘੰਟੇ ਤਕ ਇਸ ਟਰੈਕ ਦੇ ਉੱਤੇ ਸਾਰੇ ਅਪ੍ਰੇਸ਼ਨ ਰੋਕ ਦਿੱਤੇ ਗਏ ਸਨ। ਇਸ ਹਾਦਸੇ ਦੇ ਕਾਰਣਾਂ ਬਾਰੇ ਜਾਣਨ ਲਈ ਕਾਰਵਾਈ ਜਾਰੀ ਹੈ। ਇਸ ਹਫਤੇ ਦੇ ਵਿਚ ਹੀ ਜੇਕ ਗਣਤੰਤਰ ਦੇ ਵਿਚ ਰੇਲ ਫਾਟਕ ਦੇ ਉੱਤੇ ਇਹ ਦੂਜਾ ਹਾਦਸਾ ਹੈ, ਸ਼ਨੀਵਾਰ ਦੁਪਹਿਰ ਨੂੰ ਵੀ ਇਕ ਵੈਨ ਅਤੇ ਰੇਲਗੱਡੀ ਦੀ ਦੇਸ਼ ਦੇ ਪੱਛਮੀ ਹਿੱਸੇ ਦੇ ਵਿਚ ਟੱਕਰ ਹੋ ਗਈ ਜਿਸ ਕਾਰਨ 1 ਵਿਅਕਤੀ ਦੀ ਮੌਤ ਅਤੇ 7 ਜਖਮੀ ਹੋ ਗਏ।



