ਲੁਧਿਆਣਾ (ਇੰਦਰਜੀਤ ਸਿੰਘ) : ਥਾਣਾ ਡਵੀਜ਼ਨ ਨੰਬਰ 6 ਦੀ ਪੁਲਿਸ ਨੇ ਮਹਿਲਾ ਮੁਲਾਜ਼ਮ ਨਾਲ ਅਸ਼ਲੀਲ ਹਰਕਤਾਂ ਕਰਨ ਵਾਲੇ ਫੈਕਟਰੀ ਪਾਟਨਰਾ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਔਰਤ ਨੇ ਦੱਸਿਆ ਕਿ ਉਹ ਪਿਛਲੇ ਨੌਂ ਮਹੀਨਿਆਂ ਤੋਂ ਗਿੱਲ ਰੋਡ 'ਤੇ ਪੈਂਦੀ ਐੱਮਏਐੱਨ ਫੈਕਟਰੀ 'ਚ ਬਤੌਰ ਮੈਨੇਜਰ ਨੌਕਰੀ ਕਰ ਰਹੀ ਸੀ। ਔਰਤ ਨੇ ਦੱਸਿਆ ਕਿ ਫ਼ੈਕਟਰੀ ਦੇ ਪਾਰਟਨਰ ਪੱਛਮੀ ਵਿਹਾਰ ਦਿੱਲੀ ਦੇ ਵਾਸੀ ਅਦਿਤੀ ਯਾਦਵ ਤੇ ਮਿਲਟਰੀ ਕੈਂਪ ਮੁੱਲਾਂਪੁਰ ਦੇ ਰਹਿਣ ਵਾਲੇ ਦਲਬੀਰ ਸਿੰਘ ਉਸ 'ਤੇ ਮਾੜੀ ਨਜ਼ਰ ਰੱਖਦੇ ਸਨ ਤੇ ਮੌਕਾ ਮਿਲਦਿਆਂ ਹੀ ਉਸ ਨਾਲ ਛੇੜਛਾੜ ਕਰਦੇ ਸਨ।
ਜਦੋਂ ਵੀ ਔਰਤ ਵਿਰੋਧ ਕਰਦੀ ਤਾਂ ਉਹ ਧਮਕੀਆਂ ਦਿੰਦੇ। ਪਾਣੀ ਸਿਰ ਤੋਂ ਲੰਘਦਿਆਂ ਦੇਖ ਔਰਤ ਨੇ ਇਸ ਸਬੰਧੀ ਆਪਣੇ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਸਾਰਾ ਮਾਮਲਾ ਥਾਣਾ ਡਵੀਜ਼ਨ ਨੰਬਰ ਛੇ ਦੀ ਜਾਣਕਾਰੀ 'ਚ ਲਿਆਂਦਾ ਗਿਆ। ਇਸ ਮਾਮਲੇ 'ਚ ਤਫਤੀਸ਼ੀ ਅਫਸਰ ਕਪਿਲ ਕੁਮਾਰ ਦਾ ਕਹਿਣਾ ਹੈ ਕਿ ਪੁਲਿਸ ਨੇ ਔਰਤ ਦੇ ਬਿਆਨਾਂ 'ਤੇ ਦਲਬੀਰ ਸਿੰਘ ਤੇ ਆਦਿੱਤਯ ਯਾਦਵ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।



