ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਖ਼ਿਲਾਫ਼ ਮਾਮਲਾ ਦਰਜ, ਇਸ ਦਿਨ ਦੇਣਗੇ ਗ੍ਰਿਫ਼ਤਾਰੀ || FIR Against Kulbir Zira

by jaskamal

ਪੱਤਰ ਪ੍ਰੇਰਕ : ਜ਼ੀਰਾ ਪੁਲਿਸ ਵੱਲੋਂ ਸਾਬਕਾ ਵਿਧਾਇਕ ਕੁਲਬੀਰ ਜ਼ੀਰਾ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਦਰਅਸਲ ਪਿਛਲੇ ਦਿਨੀਂ ਸਾਬਕਾ ਕਾਂਗਰਸੀ ਵਿਧਾਇਕ ਕੁਲਬੀਰ ਜ਼ੀਰਾ ਵਲੋਂ ਸਾਥੀਆਂ ਸਣੇ ਬਲਾਕ ਜ਼ੀਰਾ ਦੇ ਬੀਡੀਪੀਓ ਦਫਤਰ 'ਚ ਧਰਨਾ ਲਗਾਇਆ ਗਿਆ ਸੀ। ਇਸ ਮਾਮਲੇ ਸਬੰਧੀ ਜਦੋਂ ਸਾਬਕਾ ਵਿਧਾਇਕ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਪੁਲਿਸ ਪ੍ਰਸ਼ਾਸਨ ਦਾ ਸਵਾਗਤ ਕਰਦੇ ਹਨ ਜਿਨ੍ਹਾਂ ਨੇ ਉਨ੍ਹਾਂ ਨੂੰ ਲੋਕਾਂ ਦੀ ਆਵਾਜ਼ ਬੁਲੰਦ ਕਰਨ 'ਤੇ ਮਾਮਲਾ ਦਰਜ ਕੀਤਾ ਗਿਆ ਹੈ।

ਗ੍ਰਿਫ਼ਤਾਰੀ ਦੇਣ ਲਈ ਤਿਆਰ ਸਾਬਕਾ ਵਿਧਾਇਕ : ਸਾਬਕਾ ਵਿਧਾਇਕ ਦਾ ਕਹਿਣਾ ਕਿ ਉਹ ਗ੍ਰਿਫ਼ਤਾਰੀ ਦੇਣ ਲਈ ਤਿਆਰ ਹਨ ਅਤੇ ਮੰਗਲਵਾਰ ਨੂੰ ਆਪਣੀ ਗ੍ਰਿਫ਼ਤਾਰੀ ਖੁਦ ਦੇਣਗੇ। ਦੱਸ ਦਈਏ ਕਿ ਕਿ ਇਹ ਮਾਮਲਾ ਫਿਰੋਜ਼ਪੁਰ ਵਿਖੇ ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀ ਦੀ ਸ਼ਿਕਾਇਤ 'ਤੇ ਦਰਜ ਕੀਤਾ ਗਿਆ ਹੈ। ਸਾਬਕਾ ਵਿਧਾਇਕ ਤੋਂ ਇਲਾਵਾ ਇਸ ਮਾਮਲੇ ਵਿੱਚ ਉਨ੍ਹਾਂ ਨਾਲ ਮੌਜੂਦ ਕਰੀਬ 70 ਅਣਪਛਾਤੇ ਵਿਅਕਤੀਆਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਇਸ ਮਾਮਲੇ ਨੂੰ ਲੈ ਕੇ ਸਾਬਕਾ ਵਿਧਾਇਕ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਪਾ ਕੇ ਦਾਅਵਾ ਕੀਤਾ ਕਿ ਉਹ 17 ਅਕਤੂਬਰ ਨੂੰ ਗ੍ਰਿਫ਼ਤਾਰੀ ਦੇਣਗੇ।


ਇਸ ਵਾਕੇ ਸਬੰਧੀ ਬੀਡੀਪੀਓ ਜ਼ੀਰਾ ਨੇ ਦੱਸਿਆ ਕਿ 11 ਤੋਂ 12 ਅਕਤੂਬਰ ਤੱਕ ਕੁਲਬੀਰ ਜ਼ੀਰਾ ਨੇ ਆਪਣੇ ਸਾਥੀਆਂ ਸਣੇ ਬੀਡੀਪੀਓ ਦਫ਼ਤਰ ਸਾਹਮਣੇ ਧਰਨਾ ਲਗਾਇਆ ਸੀ। ਇਸ ਦੌਰਾਨ ਉਹ ਆਪਣੇ ਸਾਥੀਆਂ ਸਮੇਤ ਬੀਡੀਪੀਓ ਦਫ਼ਤਰ ਅੰਦਰ ਚਲੇ ਗਏ ਸਨ। ਕੁਲਬੀਰ ਜ਼ੀਰਾ ਨੇ ਸਰਕਾਰੀ ਕੰਮ ਵਿੱਚ ਦਖਲਅੰਦਾਜ਼ੀ ਕਰਨ ਦੇ ਨਾਲ ਹੀ ਸਰਕਾਰੀ ਮੁਲਾਜ਼ਮਾਂ ਨਾਲ ਦੁਰਵਿਵਹਾਰ ਵੀ ਕੀਤਾ। ਸਿਟੀ ਜ਼ੀਰਾ ਥਾਣੇ ਦੇ ਏਐੱਸਆਈ ਨੇ ਦੱਸਿਆ ਕਿ ਉਕਤ ਸ਼ਿਕਾਇਤ ਦੇ ਆਧਾਰ 'ਤੇ ਇਹ ਕੇਸ ਦਰਜ ਕੀਤਾ ਗਿਆ ਹੈ।