PWD ਦੇ SE ਵਰਿੰਦਰ ਕੁਮਾਰ ਖ਼ਿਲਾਫ਼ ਰਿਸ਼ਵਤ ਲੈਣ ਦੇ ਦੋਸ਼ ’ਚ ਕੇਸ ਦਰਜ

by jaskamal

ਨਿਊਜ਼ ਡੈਸਕ : ਥਾਣਾ ਸਿਵਲ ਲਾਈਨ ਬਟਾਲਾ ਦੀ ਪੁਲਸ ਨੇ ਟੈਂਡਰ ਦੇਣ ਬਦਲੇ ਰਿਸ਼ਵਤ ਲੈਣ ਵਾਲੇ ਐੱਸਈਪੀ ਡਬਲਯੂਡੀ ਵਰਿੰਦਰ ਕੁਮਾਰ ਵਿਰੁੱਧ ਕੇਸ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ DSP ਸਿਟੀ ਦੇਵ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਰਜ ਕਰਵਾਏ ਬਿਆਨਾਂ ’ਚ ਹਰਵਿੰਦਰ ਸਿੰਘ ਵਾਸੀ ਅਰਬਨ ਅਸਟੇਟ ਬਟਾਲਾ ਨੇ ਕਿਹਾ ਕਿ ਉਹ ਤੇ ਉਸ ਦਾ ਭਰਾ ਹਰਸਿਮਰਨ ਸਿੰਘ ਐੱਮਐੱਸ ਸ਼ਿਵਾ ਕੰਸਟਰੱਕਸ਼ਨ ਕੰਪਨੀ ਚਲਾਉਂਦੇ ਹਨ ਅਤੇ ਸਰਕਾਰੀ ਸੜਕਾਂ ਬਣਾਉਣ ਦੀ ਠੇਕੇਦਾਰੀ ਦਾ ਕੰਮ ਕਰਦੇ ਹਨ। 2021 ’ਚ ਪੰਜਾਬ PWD ਵਿਭਾਗ ਵੱਲੋਂ ਈ-ਟੈਂਡਰਿੰਗ ਰਾਹੀਂ ਇਕ ਸੜਕ ਅੰਮ੍ਰਿਤਸਰ ਸੋਹੀਆ ਫਤਿਹਗੜ੍ਹ ਚੂੜੀਆਂ ਰੋਡ ਬਣਾਉਣ ਲਈ ਟੈਂਡਰ ਕੱਢੇ ਗਏ ਸਨ, ਜਿਸ ’ਤੇ ਉਸ ਨੇ 15 ਜੁਲਾਈ 2021 ਈ-ਟੈਂਡਰਿੰਗ ਰਾਹੀਂ ਪੰਜਾਬ PWD ਦੇ ਪੋਰਟਲ ਰਾਹੀਂ ਆਪਣੀ ਫਰਮ ਰਾਹੀਂ ਨੈੱਟ ਬੈਂਕਿੰਗ ਰਾਹੀਂ ਟੈਂਡਰ ਭਰਿਆ ਸੀ ਅਤੇ ਸਬੰਧਤ ਦਸਤਾਵੇਜ਼ ਦਿੱਤੇ ਸਨ।

ਟੈਂਡਰ ਕਮੇਟੀ ’ਚ ਇਕ ਸੁਪਰਡੈਂਟ ਇੰਜੀਨੀਅਰ PWD ਅੰਮ੍ਰਿਤਸਰ ਤਾਇਨਾਤ ਸੀ ਅਤੇ ਇਸ ਸੜਕ ਨੂੰ ਬਣਾਉਣ ਲਈ ਐੱਮਐੱਸ ਸ਼ਿਵਾ ਕੰਸਟਰੱਕਸ਼ਨ ਕੰਪਨੀ ਨੂੰ ਕਮੇਟੀ ਵੱਲੋਂ 13,33,36,938,17 ਤੇ 21.9 ਫੀਸਦੀ ਪ੍ਰਮਾਣਿਤ ਲਿਮਟਿਡ ਦੇ ਅਨੁਸਾਰ ਟੈਂਡਰ ਉਸ ਦੀ ਕੰਪਨੀ ਲਈ ਪਾਇਆ ਸੀ। ਉਸ ਨੇ ਦੱਸਿਆ ਕਿ ਉਸ ਨੇ ਆਪਣੀ ਫਰਮ ਦੇ ਨਾਂ ’ਤੇ ਇਹ ਟੈਂਡਰ ਲੈਣ ਲਈ 33, 79,000 ਰੁਪਏ ਮੁਆਵਜ਼ਾ ਬਿਆਨਾ ਰਕਮ PWD ਵਿਭਾਗ ਦੇ ਖਾਤੇ ’ਚ ਜਮ੍ਹਾ ਕਰਵਾ ਦਿੱਤੀ ਸੀ ਤੇ ਫਿਰ ਸਰਕਾਰ ਵੱਲੋਂ ਐੱਮਐੱਸ ਸ਼ਿਵਾ ਕੰਸਟਰੱਕਸ਼ਨ ਕੰਪਨੀ ਦੇ ਹੱਕ ’ਚ ਟੈਂਡਰ ਅਲਾਟ ਕਰਨ ਤੋਂ ਪਹਿਲਾਂ ਸਬੰਧਤ SE ਉਸ ਨੂੰ ਟੈਂਡਰ ਦੇਣ ਸਬੰਧੀ ਲਗਾਤਾਰ ਧਮਕੀਆਂ ਦੇਣ ਲੱਗ ਪਿਆ ਅਤੇ ਕਹਿਣ ਲੱਗਾ ਕਿ ਜੇਕਰ ਉਹ ਉਸ ਨੂੰ ਰਿਸ਼ਵਤ ਨਹੀਂ ਦੇਣਗੇ ਤਾਂ ਉਨ੍ਹਾਂ ਦੀ ਕੰਪਨੀ ਨੂੰ ਟੈਂਡਰ ਨਹੀਂ ਦਿੱਤਾ ਜਾਵੇਗਾ।