‘ਆਪ’ ਆਗੂ ’ਤੇ ਜਾਨਲੇਵਾ ਹਮਲਾ ਕਰਨ ‘ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਫਗਵਾੜਾ ਦੇ ਪਿੰਡ ਨਰੂੜ ਦੇ ਲਾਗੇ ਇਕ ਨਿੱਜੀ ਸਕੂਲ ਦੇ ਡਰਾਈਵਰ ਅਤੇ ‘ਆਪ’ ਆਗੂ ਸੰਤੋਖ ਸਿੰਘ ਪੁੱਤਰ ਭਜਨ ਸਿੰਘ ਵਾਸੀ ਰਾਮਪੁਰ ਖਲਿਆਣ ’ਤੇ ਜਾਨਲੇਵਾ ਹਮਲਾ ਕੀਤਾ ਗਿਆ। ਜਾਣਕਾਰੀ ਅਨੁਸਾਰ ਸੰਤੋਖ ਸਿੰਘ ਨੇ ਪੁਲਿਸ ਨੂੰ ਦਰਜ ਕਰਵਾਏ ਆਪਣੇ ਬਿਆਨ ’ਚ ਦੱਸਿਆ ਹੈ ਕਿ ਉਹ ਇਕ ਨਿੱਜੀ ਸਕੂਲ ਵਿਚ ਬੱਸ ਚਲਾਉਂਦਾ ਹੈ ਅਤੇ ਰੋਜ਼ ਦੀ ਤਰ੍ਹਾਂ ਉਹ ਪਿੰਡ ਖਲਿਆਣ ਤੋਂ ਬੱਸ ਲੈ ਕੇ ਸਕੂਲ ਨੂੰ ਜਾ ਰਿਹਾ ਸੀ।

ਜਦੋਂ ਪਿੰਡ ਨਰੂੜ ਦੇ ਲਾਗੇ ਪੁੱਜਾ ਤਾਂ ਮੁਲਜ਼ਮ ਮਨਜੋਤ ਸਿੰਘ ਉਰਫ਼ ਜੋਤਾ ਅਤੇ ਹੋਰ 14 ਤੋ 15 ਅਣਪਛਾਤਿਆਂ ਵਿਅਕਤੀਆਂ ਨੇ ਸੜਕ ਵਿਚ ਗੱਡੀਆਂ ਖੜ੍ਹੀਆਂ ਕਰਕੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਅਤੇ ਕਹਿਣ ਲੱਗੇ ਕਿ ਸਾਡੀ ਗੱਡੀ ਪੈਂਚਰ ਹੋਈ ਹੈ, ਸਾਨੂੰ ਗੋਟੀ ਪਾਨਾ ਦੇ ਦੇਵੋ। ਇਸ ਤੋਂ ਬਾਅਦ ਮੁਲਜ਼ਮ ਮਨਜੋਤ ਸਿੰਘ ਉਰਫ਼ ਜੋਤਾ ਨੇ ਬੱਸ ਵਿਚ ਵੜ ਕੇ ਉਸ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਆਪਣੇ ਸਾਥੀਆਂ ਸਮੇਤ ਰਾਡ ਅਤੇ ਦਾਤਰ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਉਸ ਦੇ ਸਿਰ ਤੇ ਡੂੰਘੀਆਂ ਸੱਟਾਂ ਲੱਗੀਆਂ ਹਨ।

ਮੁਲਜ਼ਮ ਇੰਦਰਜੀਤ ਸਿੰਘ ਖਲਿਆਣ ਅਤੇ ਉਸ ਦੇ ਪੁੱਤਰ ਮਨਜੋਤ ਸਿੰਘ ਉਰਫ਼ ਜੋਤਾ ਦੇ ਕਰੀਬੀ ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਜੋ ਦੋਸ਼ ਸੰਤੋਖ ਸਿੰਘ ਵੱਲੋਂ ਉਨ੍ਹਾਂ ’ਤੇ ਲਗਾਏ ਗਏ ਹਨ ਉਹ ਪੂਰੀ ਤਰ੍ਹਾਂ ਗ਼ਲਤ ਅਤੇ ਬੇਬੁਨਿਆਦ ਹਨ।ਪੁਲਿਸ ਨੇ ਮੁਲਜ਼ਮ ‘ਆਪ’ ਨੇਤਾ ਇੰਦਰਜੀਤ ਸਿੰਘ ਖਲਿਆਣ, ਉਸ ਦੇ ਪੁੱਤਰ ਮਨਜੋਤ ਸਿੰਘ ਉਰਫ਼ ਜੋਤਾ ਸਮੇਤ ਇਨ੍ਹਾਂ ਦੇ ਇਕ ਦਰਜਨ ਤੋਂ ਵੱਧ ਸਾਥੀਆਂ ’ਚੋਂ ਕਿਸੇ ਨੂੰ ਵੀ ਗ੍ਰਿਫ਼ਤਾਰ ਨਹੀਂ ਕੀਤਾ ਹੈ।