833 ਕਿਸਾਨਾਂ ਵਿਰੁੱਧ ਹਰਿਆਣਾ ‘ਚ ਕੇਸ ਦਰਜ

by vikramsehajpal
ਕਰਨਾਲ (ਦੇਵ ਇੰਦਰਜੀਤ) : ਹਰਿਆਣਾ ਦੇ ਕਰਨਾਲ ’ਚ ਕਿਸਾਨਾਂ ’ਤੇ ਲਾਠੀਚਾਰਜ ਦਾ ਮਾਮਲਾ ਭੱਖਦਾ ਜਾ ਰਿਹਾ ਹੈ। ਐਤਵਾਰ ਨੂੰ ਹਰਿਆਣਾ ’ਚ ਜਾਮ ਲਗਾਉਣ ਅਤੇ ਹਮਲਾ ਕਰਨ ਦੇ ਮਾਮਲੇ ’ਚ ਪੁਲਸ ਨੇ ਵੱਖ-ਵੱਖ ਮਾਮਲਿਆਂ ’ਚ 833 ਕਿਸਾਨਾਂ ਵਿਰੁੱਧ ਕੇਸ ਦਰਜ ਕੀਤਾ ਹੈ। ਉੱਥੇ ਹੀ ਲਾਠੀਚਾਰਜ ’ਚ ਜ਼ਖਮੀ 20 ਤੋਂ ਵੱਧ ਕਿਸਾਨਾਂ ਨੇ ਵੀ ਮੈਡੀਕਲ ਕਰਵਾਇਆ ਹੈ। ਦੂਜੇ ਪਾਸੇ ਕਿਸਾਨ ਸੰਯੁਕਤ ਮੋਰਚਾ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਨੇ ਕਰਨਾਲ ’ਚ ਬਸਤਾੜਾ ਟੋਲ ਪਲਾਜ਼ਾ ’ਤੇ ਮੁੜ ਬਣਾਈ ਕਿਸਾਨ ਸਟੇਜ ਤੋਂ ਹਰਿਆਣਾ ਸਰਕਾਰ ’ਤੇ ਸਿੱਧੇ ਹਮਲਾ ਬੋਲਿਆ। ਟਿਕੈਤ ਨੇ ਕਿਹਾ,‘‘ਅਧਿਕਾਰੀਆਂ ਵਲੋਂ ਪੁਲਸ ਨੂੰ ਦਿੱਤੇ ਜਾਣ ਵਾਲੇ ਨਿਰਦੇਸ਼ ਬਿਨਾਂ ਸਰਕਾਰ ਦੇ ਸਹਿਮਤੀ ਦੇ ਨਹੀਂ ਹੋ ਸਕਦੇ। ਭਾਰਤੀ ਕਿਸਾਨ ਮਜ਼ਦੂਰ ਨੌਜਵਾਨ ਯੂਨੀਅਨ ਦੇ ਰਾਸ਼ਟਰੀ ਪ੍ਰਧਾਨ ਰਾਜੇਂਦਰ ਆਰੀਆ ਦਾਦੂਪੁਰ ਨੇ ਕਿਹਾ, ਪੁਲਸ ਨੇ ਕਿਸਾਨਾਂ ਨੂੰ ਟਾਰਗੇਟ ਕਰ ਕੇ ਕੁੱਟਿਆ ਹੈ। ਸੋਮਵਾਰ ਨੂੰ ਘਰੌਂਡਾ ’ਚ ਸੰਯੁਕਤ ਕਿਸਾਨ ਮੋਰਚਾ ਦੀ ਮਹਾਪੰਚਾਇਤ ’ਚ ਆਰ-ਪਾਰ ਦੀ ਲੜਾਈ ਦਾ ਐਲਾਨ ਹੋਵੇਗਾ। ਦੂਜੇ ਪਾਸੇ ਲਾਠੀਚਾਰਜ ਦੇ ਵਿਰੋਧ ’ਚ ਪੰਜਾਬ ’ਚ 38 ਕਿਸਾਨ ਜਥੇਬੰਦੀਆਂ ਨੇ ਐਤਵਾਰ ਦੁਪਹਿਰ ਕਰੀਬ 200 ਥਾਂਵਾਂ ’ਤੇ 12 ਤੋਂ 2 ਵਜੇ ਤੱਕ ਸਾਰੇ ਮੁੱਖ ਜੀ.ਟੀ. ਰੋਡ ਜਾਮ ਕਰ ਦਿੱਤੇ। ਕਿਸਾਨਾਂ ਨੇ ਲਾਠੀਚਾਰਜ ’ਚ ਸ਼ਾਮਲ ਪੁਲਸ ਵਾਲਿਆਂ ਦੇ ਘਰ ਦੇ ਬਾਹਰ ਵੀ ਪ੍ਰਦਰਸ਼ਨ ਕੀਤੇ।